ਜੰਮੂ (ਦੇਵ ਇੰਦਰਜੀਤ) : ਬਾਜ਼ਾਰ ਹੁਣ ਪੂਰੀ ਤਰ੍ਹਾਂ ਖੁੱਲ੍ਹ ਜਾਣਗੇ ਪਰ ਲੋਕਾਂ ਨੂੰ ਕੋਵਿਡ ਸਬੰਧੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ। ਸਰਕਾਰ ਨੇ ਇੰਡੋਰ ਸ਼ਾਪਿੰਗ ਕੰਪਲੈਕਸ, ਮਾਲ ਅਤੇ ਸਭ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਪਰ ਇਨ੍ਹਾਂ ਥਾਵਾਂ ’ਤੇ ਜਾਣ ਤੋਂ ਪਹਿਲਾਂ ਗਾਹਕ ਦੀ ਕੋਰੋਨਾ ਟੈਸਟ 48 ਘੰਟਿਆਂ ਅੰਦਰ ਦੀ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਸਰਕਾਰ ਨੇ ਖੇਡ ਸਰਗਰਮੀਆਂ ’ਤੇ ਵੀ ਪਾਬੰਦੀਆਂ ਨੂੰ ਹਟਾਉਂਦੇ ਹੋਏ ਇੰਡੋਰ ਸਪੋਰਟਸ ਕੰਪਲੈਕਸਾਂ ਨੂੰ 50 ਫੀਸਦੀ ਮੌਜੂਦਗੀ ਨਾਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਸਵੀਮਿੰਗ ਪੂਲ ਬੰਦ ਰਹਿਣਗੇ। ਸਰਕਾਰ ਨੇ ਟਿਕਟਾਂ ਵਾਲੇ ਪਬਲਿਕ ਪਾਰਕਾਂ ਨੂੰ ਵੀ ਖੋਲ੍ਹਣ ਦਾ ਐਲਾਨ ਕੀਤਾ ਹੈ। ਉਥੇ ਉਨ੍ਹਾਂ ਲੋਕਾਂ ਨੂੰ ਹੀ ਜਾਣ ਦੀ ਆਗਿਆ ਹੋਵੇਗੀ, ਜਿਨ੍ਹਾਂ ਨੇ ਟੀਕੇ ਲਵਾਏ ਹਨ। ਸਰਕਾਰ ਨੇ 13 ਜ਼ਿਲਿਆਂ ’ਚ ਵੀਕੈਂਡ ਲਾਕਡਾਊਨ ਖਤਮ ਕਰਨ ਪਿੱਛੋਂ ਜੰਮੂ-ਕਸ਼ਮੀਰ ਯੂ. ਟੀ. ਦੇ ਬਾਕੀ ਦੇ ਜ਼ਿਲਿਆਂ ਦੇ ਵੀਕੈਂਡ ਲਾਕਡਾਊਨ ਨੂੰ ਸ਼ੁੱਕਰਵਾਰ ਰਾਤ 8 ਵਜੇ ਤੋਂ ਸੋਮਵਾਰ ਸਵੇਰੇ 7 ਵਜੇ ਤਕ ਜਾਰੀ ਰੱਖਿਆ ਹੈ। ਬਾਕੀ ਜ਼ਿਲਿਆਂ ’ਚ ਵੀ ਰਾਤ ਦਾ ਕਰਫਿਊ ਜਾਰੀ ਰਹੇਗਾ।
ਜੰਮੂ-ਕਸ਼ਮੀਰ ਸਰਕਾਰ ਨੇ ਕੇਂਦਰ ਸ਼ਾਸਿਤ ਖੇਤਰ ’ਚ ਐਤਵਾਰ ਨੂੰ ਕੋਵਿਡ-19 ਸਬੰਧੀ ਪਾਬੰਦੀਆਂ ਖਤਮ ਕਰਦੇ ਹੋਏ ਵੀਕੈਂਡ ਲਾਕਡਾਊਨ ਖਤਮ ਕਰ ਦਿੱਤਾ ਪਰ ਨਾਈਟ ਕਰਫਿਊ ਅਜੇ ਜਾਰੀ ਰਹੇਗਾ।ਆਫਤ ਪ੍ਰਬੰਧਨ, ਰਾਹਤ, ਮੁੜ ਵਸੇਬਾ ਅਤੇ ਮੁੜ ਉਸਾਰੀ ਵਿਭਾਗ ਜੰਮੂ ਅਤੇ ਕਸ਼ਮੀਰ ਸਿਵਲ ਸਕੱਤਰੇਤ ਨੇ ਸੂਬਾਈ ਕਾਰਜਕਾਰਨੀ ਕਮੇਟੀ ਵੱਲੋਂ ਐਤਵਾਰ ਨੂੰ ਕੋਵਿਡ ਦੀ ਰੋਕਥਾਮ ਬਾਰੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਵਿਚ ਕੁੱਲ ਹਫਤਾਵਾਰੀ ਨਵੇਂ ਮਾਮਲੇ (ਪ੍ਰਤੀ 10 ਲੱਖ) ਕੁੱਲ ਪਾਜ਼ੇਟਿਵ ਰੇਟ, ਬੈੱਡਾਂ ਦੀ ਮੌਜੂਦਗੀ, ਮੌਤਾਂ ਦੇ ਅੰਕੜੇ ਅਤੇ ਵੈਕਸੀਨੇਸ਼ਨ ਮੁਹਿੰਮ ਦੇ ਪੈਰਾਮੀਟਰਾਂ ਦਾ ਅਧਿਐਨ ਕਰਨ ਪਿੱਛੋਂ ਜੰਮੂ, ਕਠੂਆ, ਸਾਂਬਾ, ਪੁੰਛ, ਰਾਜੌਰੀ, ਅਨੰਤਨਾਗ, ਬਾਂਦੀਪੋਰਾ, ਬਾਰਮੂਲਾ, ਬਦਗਾਮ, ਗੰਦੇਰਬਲ, ਪੁਲਵਾਮਾ ਅਤੇ ਸ਼ੋਪੀਆਂ ਸਮੇਤ 13 ਜ਼ਿਲਿਆਂ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਹਫਤਾਵਾਰੀ ਕਰਫਿਊ ਖਤਮ ਕਰ ਦਿੱਤਾ ਪਰ ਰਾਤ ਨੂੰ 8 ਵਜੇ ਤੋਂ ਸਵੇਰੇ 7 ਵਜੇ ਤਕ ਦਾ ਨਾਈਟ ਕਰਫਿਊ ਜਾਰੀ ਰਹੇਗਾ। ਸਭ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਖੁੱਲ੍ਹਾ ਰੱਖਣ ਦੀ ਆਗਿਆ ਦਿੱਤੀ ਗਈ ਹੈ।