ਸ੍ਰੀਨਗਰ (Nri Media) : ਜੰਮੂ-ਕਸ਼ਮੀਰ ਦੇ ਡਿਪਟੀ ਸੁਪਰਡੈਂਟ ਪੁਲਿਸ ਦਵਿੰਦਰ ਸਿੰਘ ਦੇ ਅੱਤਵਾਦੀਆਂ ਨਾਲ ਸਬੰਧਾਂ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਕੀਤੀ ਜਾਵੇਗੀ। ਅੱਤਵਾਦ ਰੋਕੂ ਏਜੰਸੀ ਦੀ ਟੀਮ ਐੱਨਆਈਏ ਨੂੰ ਇਸ ਜਾਂਚ ਲਈ ਸਰਕਾਰ ਵੱਲੋਂ ਮਨਜ਼ੂਰੀ ਮਿਲਣ ਤੋਂ ਇੱਕ ਦਿਨ ਬਾਅਦ ਟੀਮ ਆਪਣਾ ਕੰਮ ਸ਼ੁਰੂ ਕਰਨ ਲਈ ਸ੍ਰੀਨਗਰ ਪਹੁੰਚ ਗਈ ਹੈ।
ਐੱਨਆਈਏ ਦੇ ਇੱਕ ਸੂਤਰ ਨੇ ਆਈਏਐੱਨਐੱਸ ਨੂੰ ਦੱਸਿਆ, "ਇੱਕ ਇੰਸਪੈਕਟਰ ਜਨਰਲ ਪੱਧਰ ਦੇ ਅਧਿਕਾਰੀ ਸਣੇ 5 ਤੋਂ 6 ਸੀਨੀਅਰ ਅਧਿਕਾਰੀਆਂ ਦੀ ਟੀਮ ਸ੍ਰੀਨਗਰ ਪਹੁੰਚ ਗਈ ਹੈ। ਜੰਮੂ-ਕਸ਼ਮੀਰ ਪੁਲਿਸ ਉਨ੍ਹਾਂ ਨੂੰ ਜਾਂਚ ਸੌਂਪੇਗੀ।"
ਦਵਿੰਦਰ ਨੂੰ ਬਰਖ਼ਾਸਤ ਕਰਨ ਦੀ ਸਿਫ਼ਾਰਸ਼
ਇਸ ਤੋਂ ਪਹਿਲਾ ਜੰਮੂ-ਕਸ਼ਮੀਰ ਪੁਲਿਸ ਦੇ ਡੀਜੀਪੀ ਦਿਲਬਾਗ ਸਿੰਘ ਨੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ ਅਤੇ ਕਿਹਾ ਕਿ ਸਾਲ 2001 ਵਿੱਚ ਸੰਸਦ ਉੱਤੇ ਹੋਏ ਹਮਲੇ ਵਿੱਚ ਦਵਿੰਦਰ ਸਿੰਘ ਦੀ ਕੋਈ ਭੂਮਿਕਾ ਸੀ ਜਾਂ ਨਹੀਂ, ਇਹ ਵੀ ਜਾਂਚ ਦਾ ਹਿੱਸਾ ਹੋ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦਵਿੰਦਰ ਸਿੰਘ ਨੂੰ ਬਰਖ਼ਾਸਤ ਕਰਨ ਲਈ ਵੀ ਸਿਫ਼ਾਰਸ਼ ਕੀਤੀ ਗਈ ਹੈ। ਦਿਲਬਾਗ ਸਿੰਘ ਨੇ ਕਿਹਾ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੂੰ ਇਸ ਕੇਸ ਦੀ ਜਾਂਚ ਸੌਂਪੀ ਗਈ ਹੈ।
ਦਵਿੰਦਰ ਦੇ 2001 ਸੰਸਦ ਹਮਲੇ ਨਾਲ ਜੁੜੇ ਤਾਰ
ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਨਾਂਅ ਦੇ ਇਸ ਅਧਿਕਾਰੀ ਦਾ 2001 ਦੇ ਸੰਸਦ ਹਮਲੇ ਵਿੱਚ ਦੋਸ਼ੀ ਅੱਤਵਾਦੀ ਅਫਜ਼ਲ ਗੁਰੂ ਨਾਲ ਵੀ ਸਬੰਧ ਸੀ। ਪੁਲਿਸ ਸੂਤਰਾਂ ਅਨੁਸਾਰ ਅਫਜ਼ਲ ਨੇ ਖ਼ੁਦ ਅਦਾਲਤ ਵਿੱਚ ਦਵਿੰਦਰ ਸਿੰਘ ਦਾ ਨਾਂਅ ਲਿਆ ਸੀ। 2004 ਵਿੱਚ ਅਫਜ਼ਲ ਗੁਰੂ ਉਨ੍ਹਾਂ ਦਿਨਾਂ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਸੀ। ਉਸ ਸਮੇਂ ਅਫਜ਼ਲ ਨੇ ਆਪਣੇ ਵਕੀਲ ਸੁਸ਼ੀਲ ਕੁਮਾਰ ਨੂੰ ਇੱਕ ਪੱਤਰ ਲਿਖਿਆ ਸੀ। ਇਸ ਵਿੱਚ ਡੀਐਸਪੀ ਦਵਿੰਦਰ ਸਿੰਘ ਦਾ ਵੀ ਜ਼ਿਕਰ ਸੀ।ਉਨ੍ਹਾਂ ਦਿਨਾਂ ਵਿੱਚ, ਦਵਿੰਦਰ ਜੰਮੂ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਪ੍ਰੇਸ਼ਨ ਸਮੂਹ (ਐਸਓਜੀ) ਵਿੱਚ ਸੀ।
ਅਫਜ਼ਲ ਗੁਰੂ ਦੇ ਅਨੁਸਾਰ ਸੰਸਦ ਉੱਤੇ ਹਮਲੇ ਤੋਂ ਪਹਿਲਾਂ ਦਵਿੰਦਰ ਨੇ ਉਸ ਨੂੰ ਮੁਹੰਮਦ ਨਾਮ ਦੇ ਇੱਕ ਵਿਅਕਤੀ ਨੂੰ ਦਿੱਲੀ ਵਿੱਚ ਕਿਰਾਏ ਤੇ ਮਕਾਨ ਅਤੇ ਕਾਰ ਖਰੀਦਣ ਲਈ ਕਿਹਾ ਸੀ। ਸੰਸਦ ਭਵਨ ਉੱਤੇ ਅੱਤਵਾਦੀ ਹਮਲੇ ਦੇ ਸਾਜ਼ਿਸ਼ਘਾੜੇ ਅੱਤਵਾਦੀ ਅਫ਼ਜ਼ਲ ਗੁਰੂ ਨੇ ਆਪਣੀ ਇੱਕ ਚਿੱਠੀ ਵਿੱਚ ਦਾਅਵਾ ਕੀਤਾ ਸੀ ਕਿ ਦਵਿੰਦਰ ਸਿੰਘ ਨੇ ਉਸ ਨੂੰ ਫੜ ਲਿਆ ਸੀ ਤੇ ਉਸ ਨੂੰ ਸੰਸਦ ਭਵਨ ਉੱਤੇ ਹਮਲੇ ਦੀ ਸਾਜ਼ਿਸ਼ ਰਚਣ ਲਈ ਦਿੱਲੀ ਜਾਣ ਲਈ ਆਖਿਆ ਸੀ। ਤਦ ਇਹ ਗੱਲ ਬੇਬੁਨਿਆਦ ਮੰਨੀ ਗਈ ਸੀ ਪਰ ਹੁਣ ਉਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਕੌਣ ਸੀ ਅਫਜ਼ਲ ਗੁਰੂ ?
ਦੱਸ ਦਈਏ ਕਿ ਅਫਜ਼ਲ ਗੁਰੂ ਨੂੰ 9 ਫਰਵਰੀ 2013 ਨੂੰ ਫਾਂਸੀ ਦਿੱਤੀ ਗਈ ਸੀ। ਦਵਿੰਦਰ ਸਿੰਘ ਨੂੰ ਕੁਲਗਾਮ ਜ਼ਿਲ੍ਹੇ ਦੇ ਵਨਪੋਹ ਵਿਖੇ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਨਾਵੇਦ ਬਾਬੂ ਅਤੇ ਉਸ ਦੇ ਸਾਥੀ ਆਸਿਫ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਤਵਾਦੀ ਨਾਵੇਦ ਬਾਬੂ ਉੱਤੇ ਪਿਛਲੇ ਸਾਲ ਅਕਤੂਬਰ ਅਤੇ ਨਵੰਬਰ ਵਿੱਚ ਦੱਖਣੀ ਕਸ਼ਮੀਰ 'ਚ ਟਰੱਕ ਡਰਾਈਵਰਾਂ ਅਤੇ ਮਜ਼ਦੂਰਾਂ ਸਮੇਤ 11 ਗੈਰ-ਸਥਾਨਕ ਮਜ਼ਦੂਰਾਂ ਦੀ ਹੱਤਿਆ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ।ਸੂਤਰਾਂ ਦਾ ਕਹਿਣਾ ਹੈ ਕਿ ਦਵਿੰਦਰ ਸਿੰਘ ਦਾ ਜੰਮੂ-ਕਸ਼ਮੀਰ ਪੁਲਿਸ ਵਿੱਚ ਚੰਗਾ ਪ੍ਰਭਾਵ ਹੋਣ ਕਾਰਨ ਉਸ ਕੋਲ ਕਈ ਖ਼ੁਫ਼ੀਆ ਤੇ ਗੁਪਤ ਜਾਣਕਾਰੀਆਂ ਅਕਸਰ ਰਹਿੰਦੀਆਂ ਸਨ। ਉਸ ਕੋਲ ਫ਼ੌਜ, ਕੇਂਦਰੀ ਨੀਮ ਫ਼ੌਜੀ ਬਲਾਂ ਤੇ ਪੁਲਿਸ ਦੀ ਤਾਇਨਾਤੀ ਦੀ ਜਾਣਕਾਰੀ ਹੁੰਦੀ ਸੀ। ਡੀਐਸਪੀ ਦਵਿੰਦਰ ਸਿੰਘ ਦੀ ਅੱਤਵਾਦੀਆਂ ਨਾਲ ਸ਼ਮੂਲੀਅਤ ਨੂੰ ਲੈ ਕੇ ਸਵਾਲਿਆਂ ਨਿਸ਼ਾਨ ਖੜ੍ਹੇ ਕੀਤੇ ਜਾ ਰਹੇ ਹਨ।