ਵੈੱਬ ਡੈਸਕ (ਸਾਹਿਬ) - ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰਜ਼ ’ਤੇ ਆਰਪੀਜੀ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਲਖਬੀਰ ਸਿੰਘ ਲੰਡਾ ਦੇ ਭਰਾ ਤਰਸੇਮ ਸਿੰਘ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਦੁਬਈ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਐੱਨਆਈਏ ਦੀ ਵਿਦੇਸ਼ ’ਚ ਇਹ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ।
ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਤਰਸੇਮ ਸਿੰਘ ਦਾ ਇਸ ਹਮਲੇ ’ਚ ਕੋਈ ਹੱਥ ਸੀ ਜਾਂ ਨਹੀਂ। ਇਸ ਮਾਮਲੇ ’ਚ ਪਹਿਲਾਂ ਵੀ ਕੁਝ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਦੱਸ ਦਈਏ ਕਿ 9 ਮਈ, 2022 ਨੂੰ ਮੋਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਹੈੱਡਕੁਆਰਟਰਜ਼ ’ਤੇ ਆਰਪੀਜੀ (ਰਾਕੇਟ ਪ੍ਰੋਪੈਲੇਡ ਗ੍ਰਨੇਡ) ਦਾਗ਼ ਕੇ ਹਮਲਾ ਕੀਤਾ ਗਿਆ ਸੀ।
ਜ਼ਬਰਦਸਤ ਧਮਾਕੇ ਕਾਰਨ ਇਮਾਰਤ ਦੀਆਂ ਖਿੜਕੀਆਂ ਟੁੱਟ ਗਈਆਂ ਸਨ ਤੇ ਸਜਾਵਟੀ ਸੀਲਿੰਗ ਦਾ ਇੱਕ ਹਿੱਸਾ ਡਿੱਗ ਗਿਆ ਸੀ। ਹਾਲਾਂਕਿ ਹਮਲੇ ’ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਹਮਲੇ ਦੀ ਸਾਰੀ ਸਾਜ਼ਿਸ਼ ਕੈਨੇਡਾ ’ਚ ਰਹਿ ਰਹੇ ਗੈਂਗਸਟਰ/ਦਹਿਸ਼ਤਗਰਦ ਲਖਬੀਰ ਸਿੰਘ ਸੰਧੂ ਉਰਫ਼ ਲੰਡਾ ਤੇ ਪਾਕਿਸਤਾਨ ’ਚ ਰਹਿੰਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨੇ ਘੜੀ ਸੀ। ਹਰਵਿੰਦਰ ਸਿੰਘ ਰਿੰਦਾ ਦਾ ਬੀਤੇ ਵਰ੍ਹੇ ਨਵੰਬਰ ’ਚ ਕਤਲ ਹੋ ਗਿਆ ਸੀ, ਜਿਸ ਦੀ ਜ਼ਿੰਮੇਵਾਰੀ ਬਾਅਦ ’ਚ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਸੀ।
by vikramsehajpal