ਸਮਰਾਲਾ (ਰਾਘਵ) : ਇੱਕ ਨੌਜਵਾਨ ਨੇ ਆਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਇਹ ਘਟਨਾ ਖੰਨਾ ਦੇ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਬਗਲੀ ਕਲਾਂ ਵਿੱਚ ਵਾਪਰੀ। ਦੱਸਿਆ ਜਾ ਰਿਹਾ ਕਿ 21 ਸਾਲਾ ਹੁਸਨਪ੍ਰੀਤ ਸਿੰਘ ਨੇ ਆਪਣੇ ਘਰ ਵਿੱਚ ਫਾਹਾ ਲੈ ਲਿਆ। ਖੁਦਕੁਸ਼ੀ ਦਾ ਕਾਰਨ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕਰਨਾ ਵੀ ਦੱਸਿਆ ਗਿਆ। ਖੁਦਕੁਸ਼ੀ ਨੋਟ 'ਚ ਸਹੁਰੇ ਸਮੇਤ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਜਿਸ ਕਾਰਨ ਥਾਣਾ ਸਮਰਾਲਾ ਦੀ ਪੁਲਿਸ ਨੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮੁਲਜ਼ਮਾਂ ਦੀ ਪਛਾਣ ਰਵਨੀਤ ਕੌਰ (ਮ੍ਰਿਤਕ ਦੀ ਪਤਨੀ), ਸੁਖਦੇਵ ਸਿੰਘ (ਸਹੁਰਾ), ਸੁਖਜੀਵਨ ਕੌਰ (ਸੱਸ), ਜਸਪ੍ਰੀਤ ਸਿੰਘ (ਸਾਲਾ) ਵਾਸੀ ਕਰੌਦੀਆਂ ਅਤੇ ਸਨਮ (ਪਤਨੀ ਦਾ ਪ੍ਰੇਮੀ) ਵਾਸੀ ਦਾਊਮਾਜਰਾ ਵਜੋਂ ਹੋਈ ਹੈ। ਇਸ ਮੌਕੇ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਬਗਲੀ ਕਲਾਂ ਨੇ ਦੱਸਿਆ ਕਿ ਉਸ ਦੇ ਲੜਕੇ ਹੁਸਨਪ੍ਰੀਤ ਸਿੰਘ ਦਾ ਵਿਆਹ ਕਰੀਬ ਤਿੰਨ ਮਹੀਨੇ ਪਹਿਲਾਂ ਕਰੌਦੀਆਂ ਦੀ ਰਵਨੀਤ ਕੌਰ ਨਾਲ ਹੋਇਆ ਸੀ। ਰਵਨੀਤ ਕੌਰ ਨੇ ਕੈਨੇਡਾ ਜਾਣਾ ਸੀ। ਵਿਆਹ ਤੋਂ ਬਾਅਦ ਹੁਸਨਪ੍ਰੀਤ ਸਿੰਘ ਦੇ ਸਹੁਰੇ ਵਾਲੇ ਉਸਦੇ ਲੜਕੇ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ। ਜਦੋਂ ਰਵਨੀਤ ਕੌਰ ਗਰਭਵਤੀ ਹੋ ਗਈ ਤਾਂ ਉਸ ਨੂੰ ਆਪਣੇ ਪੇਕੇ ਘਰ ਲਿਜਾਇਆ ਗਿਆ ਅਤੇ ਗਰਭਪਾਤ ਕਰਵਾ ਦਿੱਤਾ ਗਿਆ।
ਜਦੋਂ ਉਸਦੇ ਪੁੱਤਰ ਨੇ ਆਪਣੇ ਸਹੁਰੇ ਪਰਿਵਾਰ ਨੂੰ ਪੁੱਛਿਆ ਤਾਂ ਉਸ ਦਾ ਜਵਾਬ ਮਿਲਿਆ ਕਿ ਰਵਨੀਤ ਨੇ ਹਾਲੇ ਕੈਨੇਡਾ ਜਾਣਾ ਹੈ। ਬਲਵਿੰਦਰ ਅਨੁਸਾਰ ਉਸ ਦੀ ਨੂੰਹ ਰਵਨੀਤ ਉਸਦੇ ਲੜਕੇ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ। ਦੱਸ ਦਈਏ ਕਿ ਹੁਸਨਪ੍ਰੀਤ ਨੇ ਆਪਣੇ ਮੋਬਾਈਲ ਵਿੱਚ ਇੱਕ ਸੁਸਾਈਡ ਨੋਟ ਲਿਖਿਆ ਅਤੇ ਵਿਆਹ ਦੀ ਫੋਟੋ ਦੇ ਪਿੱਛੇ ਆਪਣੇ ਮੋਬਾਈਲ ਦਾ ਪਾਸਵਰਡ ਲਿਖਿਆ। ਸੁਸਾਈਡ ਨੋਟ ਫੋਨ ਦੇ ਨੋਟਪੈਡ 'ਚ ਲਿਖਿਆ ਗਿਆ। ਹੁਸਨਪ੍ਰੀਤ ਨੇ ਲਿਖਿਆ ਕਿ ਉਸ ਦੀ ਪਤਨੀ ਰਵਨੀਤ ਕੌਰ ਦਾ ਦਾਊਮਾਜਰਾ ਦੇ ਸਨਮ ਨਾਲ ਪ੍ਰੇਮ ਸਬੰਧ ਚੱਲ ਰਿਹਾ ਹੈ। ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਉਸ ਦੇ ਸਹੁਰੇ ਵਾਲੇ ਵੀ ਉਸ ਨੂੰ ਬਹੁਤ ਤੰਗ ਕਰਦੇ ਸਨ। ਇਸ ਸਭ ਤੋਂ ਦੁਖੀ ਹੋ ਕੇ ਉਹ ਖੁਦਕੁਸ਼ੀ ਕਰਨ ਲੱਗਾ ਹੈ।