ਦਿੱਲੀ (ਦੇਵ ਇੰਦਰਜੀਤ) : ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਕਿਹਾ ਕਿ 1 ਅਗਸਤ ਤੋਂ 11 ਸਤੰਬਰ ਤੱਕ ਕੁੱਲ 736 ਅਫ਼ਗਾਨ ਨਾਗਰਿਕਾਂ ਦੇ ਨਾਂ ਨਵੇਂ ਰਜਿਸਟ੍ਰੇਸ਼ਨ ਵਜੋਂ ਦਰਜ ਕੀਤੇ ਗਏ ਹਨ। ਏਜੰਸੀ ਨੇ ਨਾਲ ਹੀ ਕਿਹਾ ਕਿ ਉਹ ਭਾਰਤ ’ਚ ਅਫ਼ਗਾਨ ਨਾਗਰਿਕਾਂ ਦੇ ਰਜਿਸਟ੍ਰੇਸ਼ਨ ਅਤੇ ਮਦਦ ਲਈ ਵਧਦੀਆਂ ਬੇਨਤੀਆਂ ਨੂੰ ਪੂਰਾ ਕਰਨ ਲਈ ਆਪਣੀ ਸਮਰੱਥਾ ਵਧਾ ਰਹੀ ਹੈ।
ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਕਿਹਾ ਕਿ ਉਹ ਵੀਜ਼ਾ ਜਾਰੀ ਕਰਨ, ਸਮਾਂ ਵਧਾਉਣ ਅਤੇ ਹੱਲ ਸਮੇਤ ਅਫ਼ਗਾਨ ਨਾਗਰਿਕਾਂ ਨਾਲ ਸਬੰਧਤ ਮਾਮਲਿਆਂ ’ਤੇ ਸਰਕਾਰ ਨਾਲ ਲਗਾਤਾਰ ਸੰਪਰਕ ਵਿਚ ਹੈ। ਯੂ. ਐੱਨ. ਐੱਚ. ਆਰ. ਸੀ. ਨੇ ਕਿਹਾ ਕਿ ਉਸ ਨੇ ਇਕ ਅਫ਼ਗਾਨਿਸਤਾਨ ਐਮਰਜੈਂਸੀ ਸੈੱਲ ਅਤੇ ਅਫ਼ਗਾਨਾਂ ਲਈ ਇਕ ਸਮਰਪਿਤ ਸਹਾਇਤਾ ਇਕਾਈ ਵੀ ਸਥਾਪਤ ਕੀਤੀ ਹੈ, ਜਿਸ ’ਚ ਰਜਿਸਟ੍ਰੇਸ਼ਨ ਬਾਰੇ ਵਿਆਪਕ ਜਾਣਕਾਰੀ ਉਪਲੱਬਧ ਹੈ। ਰੋਜ਼ਾਨਾ 130 ਤੋਂ ਵਧੇਰੇ ਕਾਲ ਪ੍ਰਾਪਤ ਹੁੰਦੀਆਂ ਹਨ, ਜਿਸ ਵਿਚ ਮੁੱਖ ਤੌਰ ’ਤੇ ਸਹਾਇਤਾ ਅਤੇ ਰਜਿਸਟ੍ਰੇਸ਼ਨ ਬਾਰੇ ਪੁੱਛ-ਗਿੱਛ ਕੀਤੀ ਜਾਂਦੀ ਹੈ।
ਅੰਕੜਿਆਂ ਮੁਤਾਬਕ ਭਾਰਤ ’ਚ ਯੂ. ਐੱਨ. ਐੱਚ. ਆਰ. ਸੀ. ਲਈ ‘ਪਰਸਨਲ ਆਫ਼ ਕੰਸਰਨ’ ਦੀ ਕੁੱਲ ਗਿਣਤੀ 43,157 ਹੈ। ਇਨ੍ਹਾਂ ਵਿਚੋਂ 15,559 ਸ਼ਰਨਾਥੀ ਅਤੇ ਸ਼ਰਨ ਚਾਹੁਣ ਵਾਲੇ ਅਫ਼ਗਾਨਿਸਤਾਨ ਦੇ ਹਨ। ਯੂ. ਐੱਨ. ਐੱਚ. ਆਰ. ਸੀ. ਲਈ ‘ਪਰਸਨਲ ਆਫ਼ ਕੰਸਰਨ’ ਦਾ ਮਤਲਬ ਅਜਿਹੇ ਵਿਅਕਤੀਆਂ ਤੋਂ ਹੈ।
ਜਿਨ੍ਹਾਂ ਨੂੰ ਏਜੰਸੀ ਅੰਦਰੂਨੀ ਰੂਪ ਨਾਲ ਬੇਘਰ, ਸ਼ਰਨ ਮੰਗਣ ਵਾਲਾ ਜਾਂ ਬਿਨਾਂ ਦੇਸ਼ ਵਾਲੇ ਵਿਅਕਤੀ ਮੰਨਦੀ ਹੈ। ਦੱਸ ਦੇਈਏ ਕਿ ਤਾਲਿਬਾਨ ਨੇ 15 ਅਗਸਤ 2021 ਨੂੰ ਪੂਰੇ ਅਫ਼ਗਾਨਿਸਤਾਨ ’ਤੇ ਕੰਟਰੋਲ ਕਰ ਲਿਆ ਸੀ। ਭਾਰਤ ਨੇ ਸਰਕਾਰ ਦੇ ‘ਆਪਰੇਸ਼ਨ ਦੇਵੀ ਸ਼ਕਤੀ’ ਤਹਿਤ ਭਾਰਤੀ ਹਵਾਈ ਫ਼ੌਜ ਦੇ ਫ਼ੌਜੀ ਜਹਾਜ਼ਾਂ ਤੋਂ ਲੋਕਾਂ ਨੂੰ ਕੱਢਿਆ ਹੈ।
ਇਕ ਬਿਆਨ ਵਿਚ ਕਿਹਾ ਕਿ 1 ਅਗਸਤ ਤੋਂ 11 ਸਤੰਬਰ ਤਕ ਯੂ. ਐੱਨ. ਐੱਚ. ਆਰ. ਸੀ. ਵਲੋਂ ਨਵੇਂ ਰਜਿਸਟ੍ਰੇਸ਼ਨ ਲਈ 736 ਅਫ਼ਗਾਨ ਨਾਗਰਿਕਾਂ ਦੇ ਨਾਂ ਦਰਜ ਕੀਤੇ ਗਏ ਹਨ। ਜਿਨ੍ਹਾਂ ਲੋਕਾਂ ਨੇ ਯੂ. ਐੱਨ. ਐੱਚ. ਆਰ. ਸੀ. ਨਾਲ ਸੰਪਰਕ ਕੀਤਾ ਹੈ, ਉਨ੍ਹਾਂ ਵਿਚ ਅਫਗਾਨ ਵਿਅਕਤੀ ਹਨ।
ਜੋ 2021 ਵਿਚ ਨਵੇਂ ਆਏ ਹਨ, ਜੋ ਪਹਿਲਾਂ ਤੋਂ ਬੰਦ ਸ਼ਰਨ ਮਾਮਲਿਆਂ ਨੂੰ ਮੁੜ ਤੋਂ ਖੋਲ੍ਹਣ ਦੀ ਮੰਗ ਕਰ ਰਹੇ ਹਨ। ਇਸ ਵਿਚ ਵਿਦਿਆਰਥੀ, ਕਾਰੋਬਾਰੀ ਜਾਂ ਡਾਕਟਰ ਜਾਂ ਹੋਰ ਪ੍ਰਕਾਰ ਦੇ ਵੀਜ਼ਾ ’ਤੇ ਲੋਕ ਜੋ ਅਫ਼ਗਾਨਿਸਤਾਨ ’ਚ ਮੌਜੂਦਾ ਸਥਿਤੀ ਕਾਰਨ ਵਾਪਸ ਜਾਣ ’ਚ ਅਸਮਰੱਥ ਹਨ।