ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿੰਡ ਘੁਰਕਵਿੰਦ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਹੀ ਹੈ, ਜਿੱਥੇ ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਭਤੀਜੇ ਨੇ ਆਪਣੇ ਚਾਚੇ ਦਾ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ । ਮ੍ਰਿਤਕ ਦੀ ਪਛਾਣ ਸੁਖਪਾਲ ਸਿੰਘ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੀ ਪਤਨੀ ਬੇਅੰਤ ਨੇ ਦੱਸਿਆ ਕਿ ਉਸ ਦਾ ਪਤੀ ਪਿੰਡ 'ਚ ਟਾਇਰਾਂ ਨੂੰ ਪੰਚਰ ਲਗਾਉਣ ਦਾ ਕੰਮ ਕਰਦਾ ਸੀ। ਉਸ ਦੇ ਜੇਠ ਗੁਰਨਾਮ ਸਿੰਘ ਦੇ ਮੁੰਡੇ ਗੁਰਪ੍ਰਤਾਪ ਸਿੰਘ ਆਪਣੀ ਪਤਨੀ ਨਾਲ ਉਸ ਦੇ ਪਤੀ ਸੁਖਪਾਲ ਦੇ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਕਰਦਾ ਸੀ ਤੇ ਕੁਝ ਦਿਨਾਂ ਪਹਿਲਾਂ ਦੋਵਾਂ ਦੀ ਲੜਾਈ ਵੀ ਹੋਈ ਸੀ ।
ਇਸ ਲੜਾਈ ਤੋਂ ਬਾਅਦ ਪਿੰਡ ਦੇ ਕੁਝ ਵਿਅਕਤੀਆਂ ਨੇ ਰਾਜ਼ੀਨਾਮਾ ਕਰਵਾ ਦਿੱਤਾ ਸੀ । ਗੁਰਪ੍ਰਤਾਪ ਸਿੰਘ ਨੇ ਉਸ ਦੇ ਪਤੀ ਨਾਲ ਰੰਜਿਸ਼ ਰੱਖੀ ਹੋਈ ਸੀ ਤੇ ਬੀਤੀ ਦਿਨੀਂ ਉਸ ਦਾ ਪਤੀ ਜਦੋ ਆਪਣੀ ਦੁਕਾਨ 'ਤੇ ਟਰਾਲੀ ਦਾ ਪੰਚਰ ਲਗਾ ਰਿਹਾ ਸੀ ਤਾਂ ਮੋਟਰਸਾਈਕਲ 'ਤੇ ਆਏ ਗੁਰਪ੍ਰਤਾਪ ਨੇ ਉਸ ਦੇ ਕੁਹਾੜੀ ਮਾਰ ਦਿੱਤੀ ਤੇ ਫਰਾਰ ਹੋ ਗਿਆ ।ਲੋਕਾਂ ਵਲੋਂ ਉਸ ਦੇ ਪਤੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।