ਕਾਠਮੰਡੂ (ਦੇਵ ਇੰਦਰਜੀਤ) : ਨੇਪਾਲ ਨੂੰ ਸੋਮਵਾਰ ਨੂੰ ਅਮਰੀਕਾ ਤੋਂ ਜਾਨਸਨ ਐਂਡ ਜਾਨਸਨ ਟੀਕੇ ਦੀਆਂ 15 ਲੱਖ ਤੋਂ ਵੱਧ ਖੁਰਾਕਾਂ ਮਿਲੀਆਂ। ਨੇਪਾਲ ਨੂੰ ਟੀਕਿਆਂ ਦੀਆਂ ਇਹ ਖੁਰਾਕਾਂ ਅਜਿਹੇ ਸਮੇਂ ਵਿਚ ਪ੍ਰਾਪਤ ਹੋਈਆਂ ਹਨ, ਜਦੋਂ ਦੇਸ਼ ਇਸ ਸਮੇਂ ਟੀਕਿਆਂ ਦੀ ਗੰਭੀਰ ਘਾਟ ਦਾ ਸਾਹਮਣਾ ਕਰ ਰਿਹਾ ਹੈ। ਨੇਪਾਲ ਨੂੰ ਪ੍ਰਾਪਤ ਟੀਕੇ ਦੀ ਇਹ ਪਹਿਲੀ ਖੇਪ ਹੈ। ਅਮਰੀਕਾ ਨੇ 'ਕੋਵੈਕਸ ਯੋਜਨਾ' ਜ਼ਰੀਏ ਨੇਪਾਲ ਨੂੰ 15,34,850 ਖੁਰਾਕਾਂ ਪ੍ਰਦਾਨ ਕੀਤੀਆਂ।
ਅਮਰੀਕੀ ਰਾਜਦੂਤ ਰੈਂਡੀ ਬੇਰੀ ਨੇ ਸੋਮਵਾਰ ਨੂੰ ਸਿਹਤ ਮੰਤਰੀ ਕ੍ਰਿਸ਼ਨ ਗੋਪਾਲ ਸ਼੍ਰੇਸ਼ਠ ਨੂੰ ਟੀਕੇ ਸੌਂਪੇ। ਬੇਰੀ ਨੇ ਨੇਪਾਲ ਨੂੰ ਟੀਕੇ ਸੌਂਪਣ ਤੋਂ ਬਾਅਦ ਟਵਿੱਟਰ 'ਤੇ ਲਿਖਿਆ,' 'ਅੱਜ ਅਸੀਂ ਨੇਪਾਲ ਨੂੰ ਕੋਵੋਕਸ ਜ਼ਰੀਏ ਜਾਨਸਨ ਐਂਡ ਜਾਨਸਨ ਕੋਵਿਡ-19 ਟੀਕੇ ਮੁਹੱਈਆ ਕਰਵਾ ਰਹੇ ਹਾਂ, ਜਿਸ ਨਾਲ 15 ਲੱਖ ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾ ਸਕੇ।' ਬੇਰੀ ਨੇ ਕਿਹਾ, 'ਮੈਨੂੰ ਮਾਣ ਹੈ ਕਿ ਅਮਰੀਕਾ ਨੇਪਾਲ ਨੂੰ ਕੋਵਿਡ-19 ਸਹਾਇਤਾ ਦੇਣ ਵਾਲਾ ਇਕਮਾਤਰ ਸਭ ਤੋਂ ਵੱਡਾ ਦੇਸ਼ ਹੈ। ਅਮਰੀਕੀ ਲੋਕਾਂ ਵੱਲੋਂ ਇਸ ਤੋਹਫ਼ੇ ਦਾ ਉਦੇਸ਼ ਜ਼ਿੰਦਗੀ ਨੂੰ ਬਚਾਉਣਾ ਹੈ।'
ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਟੀਕੇ ਮੁਹੱਈਆ ਕਰਾਉਣ ਲਈ ਅਮਰੀਕੀ ਸਰਕਾਰ ਦਾ ਨੇਪਾਲ ਸਰਕਾਰ ਅਤੇ ਲੋਕਾਂ ਵੱਲੋਂ ਧੰਨਵਾਦ ਕੀਤਾ। ਕਾਠਮੰਡੂ ਪੋਸਟ ਦੀ ਖ਼ਬਰ ਮੁਤਾਬਕ ਸਿਹਤ ਮੰਤਰੀ ਸ਼੍ਰੇਸ਼ਠ ਨੇ ਸੋਮਵਾਰ ਨੂੰ ਕਿਹਾ ਕਿ 50 ਤੋਂ 54 ਸਾਲ ਦੇ ਲੋਕਾਂ ਨੂੰ ਅਮਰੀਕੀ ਟੀਕਿਆਂ ਦੀ ਖੁਰਾਕ ਦਿੱਤੀ ਜਾਏਗੀ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ, ਜਾਨਸਨ ਐਂਡ ਜਾਨਸਨ ਟੀਕੇ ਮਿਲਣ ਨਾਲ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਨੇਪਾਲ ਦੀ ਟੀਕਾਕਰਨ ਮੁਹਿੰਮ ਨੂੰ ਤੇਜ਼ੀ ਮਿਲੇਗੀ।
ਨੇਪਾਲ ਨੇ ਆਪਣੀ ਟੀਕਾਕਰਨ ਦੀ ਮੁਹਿੰਮ ਕੋਵਿਸ਼ਿਲਡ ਦੀਆਂ 10 ਲੱਖ ਖੁਰਾਕਾਂ ਨਾਲ ਸ਼ੁਰੂ ਕੀਤੀ ਸੀ, ਜੋ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਨਿਰਮਿਤ ਐਸਟ੍ਰਾਜ਼ੇਨੇਕਾ ਕਿਸਮ ਦੀ ਟੀਕਾ ਹੈ। ਕੋਵਿਸ਼ਿਲਡ ਟੀਕੇ ਦੀ ਖੁਰਾਕ ਭਾਰਤ ਸਰਕਾਰ ਨੇ ਨੇਪਾਲ ਨੂੰ ਉਪਹਾਰ ਵਜੋਂ ਦਿੱਤੀ ਸੀ। ਸਿਹਤ ਮੰਤਰਾਲਾ ਨੇ ਐਤਵਾਰ ਨੂੰ ਕਿਹਾ ਸੀ ਕਿ ਪਿਛਲੇ 24 ਘੰਟਿਆਂ ਵਿਚ ਨੇਪਾਲ ਵਿਚ ਕੋਰੋਨਾ ਵਾਇਰਸ ਦੇ 1,831 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਕੇਸਾਂ ਦੀ ਕੁੱਲ ਗਿਣਤੀ ਵੱਧ ਕੇ 6,99,088 ਹੋ ਗਈ ਹੈ। ਦੇਸ਼ ਵਿਚ ਹੁਣ ਤੱਕ 6,19,894 ਲੋਕ ਸਿਹਤਮੰਦ ਹੋ ਚੁੱਕੇ ਹਨ। ਮੰਤਰਾਲਾ ਨੇ ਦੱਸਿਆ ਸੀ ਕਿ ਇਸ ਮਹਾਮਾਰੀ ਕਾਰਨ 20 ਹੋਰ ਲੋਕਾਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 9,382 ਹੋ ਗਈ ਹੈ।