ਨਿਊਜ਼ ਡੈਸਕ(ਰਿੰਪੀ ਸ਼ਰਮਾ) : ਇਨਸਾਨੀ ਜਾਨ ਇਸ ਕਦਰ ਸਸਤੀ ਹੋ ਗਈ ਹੈ ਕਿ ਲੋਕ ਹੁਣ ਕੁੱਤੇ ਦੇ ਬਦਲੇ ਇਨਸਾਨ ਦਾ ਕਤਲ ਕਰਨ ਲੱਗ ਪਏ ਹਨ। ਅਜਿਹਾ ਹੀ ਇਕ ਮਾਮਲਾ ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਤੋਂ ਸਾਹਮਣੇ ਆਇਆ ਹੈ, ਜਿਥੇ ਘਰੋਂ ਕੁੱਤਾ ਚੁੱਕ ਕੇ ਲਿਜਾਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੁਆਂਢੀ ਨੇ ਗੁਆਂਢੀ ਦਾ ਕਤਲ ਕਰ ਦਿੱਤਾ ।
ਜਾਣਕਾਰੀ ਦਿੰਦਿਆਂ ਮ੍ਰਿਤਕ ਜਸਬੀਰ ਸਿੰਘ ਦੇ ਲੜਕੇ ਅਤੇ ਭਤੀਜੇ ਨੇ ਦੱਸਿਆ ਕਿ ਉਸ ਦੇ ਮਾਂ ਤੇ ਪਿਓ ਦੋਵੇਂ ਹੀ ਅਪਾਹਜ ਹਨ। ਉਨ੍ਹਾਂ ਦੇ ਗੁਆਂਢੀ ਉਨ੍ਹਾਂ ਦਾ ਪਾਲਤੂ ਕੁੱਤਾ ਚੁੱਕ ਕੇ ਲੈ ਗਏ ਸਨ ਅਤੇ ਜਦੋਂ ਉਹ ਉਨ੍ਹਾਂ ਕੋਲੋਂ ਕੁੱਤਾ ਮੰਗਣ ਗਏ ਤਾਂ ਇਸ ਗੱਲ ਨੂੰ ਲੈ ਕੇ ਉਨ੍ਹਾਂ ਦੇ ਗੁਆਂਢੀਆਂ ਵੱਲੋਂ ਉਨ੍ਹਾਂ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਗਈ।
ਇਸ ਮਾਰਕੁੱਟ ਦੌਰਾਨ ਉਸਦਾ ਅਪਾਹਜ ਪਿਤਾ ਬੇਹੋਸ਼ ਹੋ ਗਿਆ ਜਿਸ ਨੂੰ ਉਸ ਵੱਲੋਂ ਆਪਣੀ ਕਾਰ ਵਿਚ ਸਿਵਲ ਹਸਪਤਾਲ ਜ਼ੀਰਾ ਲਿਆਉਣ ਲਈ ਕਾਰ ਤੋਰੀ ਗਈ ਤਾਂ ਉਕਤ ਲੋਕਾਂ ਵੱਲੋਂ ਉਸ ਦੀ ਕਾਰ ਨੂੰ ਰੋਕ ਲਿਆ ਗਿਆ ਅਤੇ ਲੋਕਾਂ ਨੇ ਆ ਕੇ ਉਨ੍ਹਾਂ ਨੂੰ ਉਥੋਂ ਕਢਵਾਇਆ ਤੇ ਜਦੋਂ ਉਹ ਆਪਣੇ ਪਿਤਾ ਨੂੰ ਲੈ ਕੇ ਸਿਵਲ ਹਸਪਤਾਲ ਜ਼ੀਰਾ ਵਿਖੇ ਪਹੁੰਚਿਆ ਤਾਂ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।