ਚੰਡੀਗੜ੍ਹ (ਦੇਵ ਇੰਦਰਜੀਤ) : ਬੇਸ਼ੱਕ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ’ਤੇ ਅਜੇ ਵੀ ਚੁੱਪੀ ਨਹੀਂ ਤੋੜੀ ਹੈ ਪਰ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਹੀ ਪੰਜਾਬ ’ਚ ਕਾਂਗਰਸ ਪ੍ਰਧਾਨ ਦੇ ਤੌਰ ’ਤੇ ਕਾਰਜ ਕਰ ਰਹੇ ਹਨ।
ਰਾਵਤ ਨੇ ਇਹ ਵੀ ਕਿਹਾ ਕਿ ਸਿੱਧੂ ਨੇ ਅਜਿਹਾ ਕੁੱਝ ਨਹੀਂ ਕੀਤਾ ਹੈ, ਜੋ ਕਾਂਗਰਸ ਪਾਰਟੀ ਲਈ ਸ਼ਰਮਿੰਦਗੀ ਦਾ ਸਬੱਬ ਬਣਿਆ ਹੋਵੇ। ਰਾਵਤ ਨੇ ਕਿਹਾ ਕਿ ਜਿੱਥੋਂ ਤੱਕ ਗੱਲ ਐਡਵੋਕੇਟ ਜਨਰਲ ਜਾਂ ਡੀ. ਜੀ. ਪੀ. ਨਾਲ ਜੁੜੇ ਮਸਲੇ ’ਤੇ ਉਪਜੇ ਵਿਵਾਦ ਦੀ ਹੈ ਤਾਂ ਇਹ ਬਹੁਤ ਛੋਟਾ ਮਸਲਾ ਹੈ। ਨਵਜੋਤ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੇ ਪੱਧਰ ’ਤੇ ਇਹ ਨਿਪਟ ਜਾਵੇਗਾ।
ਰਾਵਤ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਮਿਲ ਕੇ ਸਿਆਸੀ ਕਿਲਾ ਫ਼ਤਹਿ ਕਰਨਗੇ। ਇਹ ਵੱਖਰੀ ਗੱਲ ਹੈ ਕਿ 2022 ’ਚ ਜਿੱਤ ਤੋਂ ਬਾਅਦ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੈਅ ਕਰਨਗੇ। ਇਸ ਤੋਂ ਪਹਿਲਾਂ ਰਾਵਤ ਨੇ 2022 ’ਚ ਨਵਜੋਤ ਸਿੰਘ ਸਿੱਧੂ ਨੂੰ ਚਿਹਰੇ ਦੇ ਤੌਰ ’ਤੇ ਉਤਾਰਨ ਦੀ ਗੱਲ ਕਹਿ ਦਿੱਤੀ ਸੀ, ਜਿਸ ’ਤੇ ਕਾਫ਼ੀ ਹੰਗਾਮਾ ਖੜ੍ਹਾ ਹੋ ਗਿਆ ਸੀ।
ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਰਾਵਤ ਦੇ ਬਿਆਨ ਨੂੰ ਅਨੁਸੂਚਿਤ ਜਾਤੀ ਵਰਗ ਦੀਆਂ ਭਾਵਨਾਵਾਂ ਦਾ ਮਜ਼ਾਕ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਰਾਵਤ ਨੂੰ ਆਪਣੇ ਬਿਆਨ ’ਤੇ ਸਪੱਸ਼ਟੀਕਰਨ ਤੱਕ ਜਾਰੀ ਕਰਨਾ ਪਿਆ ਸੀ। ਉਥੇ ਹੀ, ਹੁਣ ਇਕ ਵਾਰ ਫਿਰ ਰਾਵਤ ਨੇ ਮੁੱਖ ਮੰਤਰੀ ਦੀ ਗੇਂਦ ਹਾਈਕਮਾਨ ਦੇ ਪਾਲੇ ’ਚ ਪਾ ਦਿੱਤੀ ਹੈ।
ਚੰਨੀ ਅਤੇ ਸਿੱਧੂ ਵਿਚਾਲੇ ਖਿੱਚੋਤਾਣ ਜਾਂ ਤਣਾਅ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਰਾਵਤ ਨੇ ਕਿਹਾ ਕਿ ਪੰਜਾਬ ’ਚ ਕਿਸੇ ਵੀ ਪੱਧਰ ’ਤੇ ਸੱਤਾ ਲਈ ਸੰਘਰਸ਼ ਨਹੀਂ ਚੱਲ ਰਿਹਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਇਕੱਠੇ ਹਨ। ਲਖੀਮਪੁਰ ਰੋਸ ਮਾਰਚ ’ਚ ਵੀ ਚੰਨੀ ਅਤੇ ਸਿੱਧੂ ਇਕ ਮੰਚ ’ਤੇ ਵਿਖਾਈ ਦਿੱਤੇ।
ਹਾਲਾਂਕਿ ਕੁਝ ਤਾਕਤਾਂ ਭਰਮ ਪੈਦਾ ਕਰ ਰਹੀਆਂ ਹਨ। ਜਾਣ ਬੁੱਝ ਕੇ ਕੁੱਝ ਗੱਲਾਂ ਨੂੰ ਵਧਾਇਆ-ਚੜ੍ਹਾਇਆ ਜਾ ਰਿਹਾ ਹੈ ਤਾਂ ਕਿ ਚੰਨੀ ਅਤੇ ਸਿੱਧੂ ਵਿਚਾਲੇ ਦੂਰੀਆਂ ਵਧਣ। ਭਰਮ ਫੈਲਾਉਣ ਵਾਲੇ ਲੋਕ ਆਪਣੇ ਸਵਾਰਥਾਂ ਦੀ ਸਿੱਧੀ ਲਈ ਅਜਿਹਾ ਕਰ ਰਹੇ ਹਨ।