![](https://www.nripost.com/wp-content/uploads/2021/10/dd.jpg)
ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੱਲ੍ਹ ਬੁੱਧਵਾਰ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਕਾਂਗਰਸ ਦੇ ਸੀਨੀਅਰ ਆਗੂ ਵੇਣੂਗੋਪਾਲ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਇਸ ਦੀ ਜਾਣਕਾਰੀ ਖੁਦ ਹਰੀਸ਼ ਰਾਵਤ ਨੇ ਆਪਣੇ ਟਵੀਟਰ ਖਾਤੇ ’ਤੇ ਦਿੱਤੀ ਹੈ।
ਰਾਵਤ ਨੇ ਆਖਿਆ ਹੈ ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਨਾਲ ਅਤੇ ਵੇਣੂਗੋਪਾਲ ਨਾਲ 14 ਅਕਤੂਬਰ ਨੂੰ ਸ਼ਾਮ 6 ਵਜੇ ਵੇਣੂਗੋਪਾਲ ਦੇ ਦਫਤਰ ਵਿਖੇ ਮੀਟਿੰਗ ਕਰਨ ਜਾ ਰਹੇ ਹਨ। ਇਸ ਮੀਟਿੰਗ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਾਲ ਸਬੰਧਤ ਕੁਝ ਮਾਮਲਿਆਂ ’ਤੇ ਵਿਚਾਰ ਵਟਾਂਦਰੇ ਕੀਤੇ ਜਾ ਸਕਦੇ ਹਨ।
ਦੱਸਣਯੋਗ ਹੈ ਕਿ ਨਵਜੋਤ ਸਿੱਧੂ ਵਲੋਂ ਭਾਵੇਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਉਨ੍ਹਾਂ ਦਾ ਅਸਤੀਫ਼ਾ ਨਾ ਤਾਂ ਅਜੇ ਤਕ ਰੱਦ ਕੀਤਾ ਗਿਆ ਹੈ ਅਤੇ ਨਾ ਹੀ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਂਝ ਹਰੀਸ਼ ਰਾਵਤ ਪਹਿਲਾਂ ਹੀ ਆਖ ਚੁੱਕੇ ਹਨ ਕਿ ਨਵਜੋਤ ਸਿੰਘ ਸਿੱਧੂ ਹੀ ਪੰਜਾਬ ’ਚ ਕਾਂਗਰਸ ਪ੍ਰਧਾਨ ਦੇ ਤੌਰ ’ਤੇ ਕਾਰਜ ਕਰ ਰਹੇ ਹਨ।
ਰਾਵਤ ਨੇ ਇਹ ਵੀ ਕਿਹਾ ਸੀ ਕਿ ਸਿੱਧੂ ਨੇ ਅਜਿਹਾ ਕੁੱਝ ਨਹੀਂ ਕੀਤਾ ਹੈ, ਜੋ ਕਾਂਗਰਸ ਪਾਰਟੀ ਲਈ ਸ਼ਰਮਿੰਦਗੀ ਦਾ ਸਬੱਬ ਬਣਿਆ ਹੋਵੇ। ਰਾਵਤ ਨੇ ਕਿਹਾ ਸੀ ਕਿ ਜਿੱਥੋਂ ਤੱਕ ਗੱਲ ਐਡਵੋਕੇਟ ਜਨਰਲ ਜਾਂ ਡੀ. ਜੀ. ਪੀ. ਨਾਲ ਜੁੜੇ ਮਸਲੇ ’ਤੇ ਉਪਜੇ ਵਿਵਾਦ ਦੀ ਹੈ ਤਾਂ ਇਹ ਬਹੁਤ ਛੋਟਾ ਮਸਲਾ ਹੈ। ਨਵਜੋਤ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੇ ਪੱਧਰ ’ਤੇ ਇਹ ਨਿਪਟ ਜਾਵੇਗਾ।