ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਕਣਕ ਦਾ ਐੱਮ.ਐੱਸ.ਪੀ. ਮੁਲ ਵਧਾਇਆ ਜਾਵੇ, ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦਾ ਢੁਕਵਾਂ ਮੁੱਲ ਮਿਲ ਸਕੇ।ਟਵੀਟ ਕਰਦੇ ਹੋਏ ਨਵਜੋਤ ਸਿੱਧੂ ਨੇ ਲਿਖਿਆ ਕਿ ‘‘ਹਰ ਸੰਕਟ ਵਿੱਚ ਕੋਈ ਨਾ ਕੋਈ ਮਹਾਨ ਮੌਕਾ ਮੌਜੂਦ ਹੁੰਦਾ ਹੈ…ਯੁਕ੍ਰੇਨ-ਰੂਸ ਜੰਗ ਕਰਕੇ ਕਣਕ ਦੀ ਅੰਤਰਰਾਸ਼ਟਰੀ ਮੰਡੀ ਅੰਦਰ ਬਹੁਤ ਵੱਡਾ ਖਲਾਅ ਪੈਦਾ ਹੋਇਆ ਹੈ, ਕਿਉਂਕਿ ਇਹ ਦੇਸ਼ ਵਿਸ਼ਵ ਦੀ 25% ਕਣਕ ਨਿਰਯਾਤ ਕਰਦੇ ਹਨ, ਜਦਕਿ ਭਾਰਤ, ਜੋ ਕਣਕ ਪੈਦਾ ਕਰਨ ਵਿੱਚ ਵਿਸ਼ਵ ਪੱਧਰ ਉੱਪਰ ਦੂਜੇ ਨੰਬਰ ਉੱਪਰ ਹੈ ਦਾ ਵਿਸ਼ਵ ਮੰਡੀ ਵਿੱਚ ਕਣਕ ਦੇ ਨਿਰਯਾਤ ਵਿੱਚ ਸਿਰਫ਼ 1% ਹਿੱਸਾ ਹੈ।’’
ਨਵਜੋਤ ਸਿੱਧੂ ਨੇ ਕਿਹਾ ਕਿ ‘‘ਭਾਰਤ ਵਿੱਚ ਕਣਕ ਗੁਦਾਮਾਂ ਅਤੇ ਖੁੱਲ੍ਹੇਆਮ ਪਈ ਸੜ ਰਹੀ ਹੈ, ਇਸਨੂੰ ਚੂਹੇ ਖਾ ਰਹੇ ਨੇ, ਇਹ ਖਾਣਯੋਗ ਵੀ ਨਹੀਂ ਹੈ। ਕਣਕ ਲਗਾਤਾਰ ਬਰਬਾਦ ਹੋ ਰਹੀ ਹੈ, ਕਿਉਂਕਿ ਇਸਨੂੰ ਸਾਂਭਣ ਲਈ ਥਾਂ ਨਹੀਂ ਹੈ। ਨਿਰਯਾਤ ਦੇ ਹਰ ਮੌਕੇ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ… ਵਿਸ਼ਵ ਪੱਧਰੀ ਨਵੀਆਂ ਭੰਡਾਰਨ ਸਹੂਲਤਾਂ ਬਣਾਉਣੀਆਂ ਚਾਹੀਦੀਆਂ ਹਨ।’’