ਜਲੰਧਰ (ਦੇਵ ਇੰਦਰਜੀਤ) : ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਲਈ ਨਵਜੋਤ ਸਿੱਧੂ ਦਾ ਨਾਂ ਲੱਗਭਗ ਫਾਈਨਲ ਕਰ ਲਿਆ ਹੈ। ਹਾਲਾਂਕਿ ਅਜੇ ਇਸ ਨੂੰ ਲੈ ਕੇ ਅਧਿਕਾਰਤ ਐਲਾਨ ਤਾਂ ਨਹੀਂ ਹੋਇਆ ਹੈ ਪਰ ਸਿੱਧੂ ਕੈਂਪ ਨੇ ਆਪਣੇ ਨੇੜਲੇ ਲੋਕਾਂ ਨੂੰ ਤਿਆਰੀਆਂ ਸ਼ੁਰੂ ਕਰਨ ਲਈ ਕਹਿਣਾ ਸ਼ੁਰੂ ਕਰ ਦਿੱਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਦਿੱਲੀ ’ਚ ਰਾਹੁਲ ਗਾਂਧੀ ਦੀ ਪ੍ਰਧਾਨਗੀ ’ਚ ਹੋਈ ਬੈਠਕ ’ਚ ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਫ਼ੈਸਲਾ ਲੈ ਲਿਆ ਗਿਆ ਸੀ। ਪਾਰਟੀ ਹਾਈਕਮਾਨ ਅਧਿਕਾਰਤ ਐਲਾਨ ਕਰਨ ਤੋਂ ਪਹਿਲਾਂ ਅੰਦਰੂਨੀ ਪ੍ਰਤੀਕਿਰਿਆਵਾਂ ’ਤੇ ਮੰਥਨ ਕਰ ਲੈਣਾ ਚਾਹੁੰਦੀ ਹੈ, ਫਿਰ ਵੀ ਸਿੱਧੂ ਦੇ ਸਮਰਥਕਾਂ ਨੇ ਸੋਸ਼ਲ ਮੀਡੀਆ ’ਤੇ ਸਿੱਧੂ ਦੇ ਪ੍ਰਧਾਨ ਬਣਨ ਨੂੰ ਲੈ ਕੇ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਜਾਣਕਾਰੀ ਅਨੁਸਾਰ ਸਿੱਧੂ ਨੂੰ ਸੂਬਾ ਪ੍ਰਧਾਨ ਦੀ ਕਮਾਨ ਸੌਂਪ ਕੇ ਇਕ ਹਿੰਦੂ ਤੇ ਇਕ ਦਲਿਤ ਨੇਤਾ ਨੂੰ ਕਾਰਜਕਾਰੀ ਪ੍ਰਧਾਨ ਵੀ ਬਣਾਇਆ ਜਾਵੇਗਾ ਤਾਂ ਕਿ ਹਿੰਦੂ ਤੇ ਦਲਿਤ ਭਾਈਚਾਰੇ ਵੀ ਹਾਂ-ਪੱਖੀ ਸੰਦੇਸ਼ ਜਾਵੇ ਕਿ ਕਾਂਗਰਸ ਨੇ ਉਨ੍ਹਾਂ ਦੇ ਵਰਗ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਹੈ। ਇਹ ਫਾਰਮੂਲਾ ਹਾਈਕਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਪ੍ਰਤੀਕਿਰਿਆਵਾਂ ਤੋਂ ਬਾਅਦ ਹੀ ਲਿਆ ਹੈ। ਹੁਣ ਤਕ ਕੈਪਟਨ ਦਾ ਸਟੈਂਡ ਸੀ ਕਿ ਜੇ ਸੂਬੇ ਦੇ ਦੋ ਮੁੱਖ ਅਹੁਦਿਆਂ ਮੁੱਖ ਮੰਤਰੀ ਤੇ ਸੂਬਾ ਪ੍ਰਧਾਨ ਦੀ ਸੀਟ ’ਤੇ ਜੱਟ ਭਾਈਚਾਰੇ ਨੂੰ ਹੀ ਅਗਵਾਈ ਦੇ ਦਿੱਤੀ ਜਾਂਦੀ ਹੈ ਤਾਂ ਹਿੰਦੂ ਤੇ ਦਲਿਤ ਭਾਈਚਾਰਾ ਪਾਰਟੀ ਤੋਂ ਪੈਰ ਪਿੱਛੇ ਖਿੱਚ ਸਕਦਾ ਹੈ। ਇਹੀ ਕਾਰਨ ਹੈ ਕਿ ਪਾਰਟੀ ਇਨ੍ਹਾਂ ਦੋਵਾਂ ਹੀ ਭਾਈਚਾਰਿਆਂ ਦੇ ਇਕ-ਇਕ ਆਗੂ ਨੂੰ ਕਾਰਜਕਾਰੀ ਪ੍ਰਧਾਨ ਲਾ ਸਕਦੀ ਹੈ। ਕਾਰਜਕਾਰੀ ਪ੍ਰਧਾਨ ਦੇ ਅਹੁਦੇ ਲਈ ਕਈ ਆਗੂਆਂ ਦੇ ਨਾਵਾਂ ’ਤੇ ਚਰਚਾ ਹੋ ਰਹੀ ਹੈ।