ਦੇਹਰਾਦੂਨ (ਸਾਹਿਬ) - ਦੇਹਰਾਦੂਨ ਤੋਂ ਕੋਟਾ ਵਿਚਾਲੇ ਚੱਲ ਰਹੀ ਨੰਦਾ ਦੇਵੀ ਐਕਸਪ੍ਰੈਸ ਟਰੇਨ ਦੇ ਦੋ ਹਿੱਸਿਆਂ ਵਿੱਚ ਵੰਡੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਕੋਟਾ ਰੇਲਵੇ ਡਵੀਜ਼ਨ ਦੇ ਭਰਤਪੁਰ ਤੋਂ ਸੇਵਾਰ ਸਟੇਸ਼ਨ ਦੇ ਵਿਚਕਾਰ ਵਾਪਰਿਆ। ਇਸ ਦੌਰਾਨ ਤੇਜ਼ ਰਫ਼ਤਾਰ ਨਾਲ ਚੱਲ ਰਹੀ ਨੰਦਾ ਦੇਵੀ ਐਕਸਪ੍ਰੈਸ ਅਚਾਨਕ ਦੋ ਹਿੱਸਿਆਂ ਵਿੱਚ ਵੰਡ ਗਈ। ਇਸ ਨਾਲ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਹਾਲਾਂਕਿ, ਜਦੋਂ ਯਾਤਰੀਆਂ ਨੇ ਜਾ ਕੇ ਦੇਖਿਆ ਤਾਂ ਰੇਲਗੱਡੀ ਦਾ ਦੂਜਾ ਹਿੱਸਾ ਜਿਸ ਵਿੱਚ ਉਹ ਮੌਜੂਦ ਸਨ, ਦੂਰ ਖਿਸਕ ਗਿਆ ਸੀ। ਰੇਲਵੇ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚੇ, ਜਿਸ ਤੋਂ ਬਾਅਦ ਟਰੇਨ ਨੂੰ ਦੁਬਾਰਾ ਜੋੜਿਆ ਗਿਆ ਅਤੇ ਫਿਰ ਟਰੇਨ ਨੂੰ ਕੋਟਾ ਲਈ ਰਵਾਨਾ ਕੀਤਾ ਗਿਆ। ਓਥੇ ਹੀ ਟਰੇਨ 'ਚ ਸਫਰ ਕਰ ਰਹੇ ਯਾਤਰੀਆਂ ਨੇ ਦੱਸਿਆ ਕਿ ਅਚਾਨਕ ਝਟਕਾ ਲੱਗਣ ਕਾਰਨ ਟਰੇਨ ਰੁਕ ਗਈ ਸੀ। ਇਹ ਹਾਦਸਾ ਸਵੇਰੇ ਕਰੀਬ 7:10 ਵਜੇ ਵਾਪਰਿਆ। ਅਜਿਹੇ 'ਚ ਜ਼ਿਆਦਾਤਰ ਯਾਤਰੀ ਸੁੱਤੇ ਪਏ ਸਨ ਪਰ ਝਟਕੇ ਕਾਰਨ ਟਰੇਨ ਰੁਕਣ 'ਤੇ ਕੁਝ ਦੇਰ ਟਰੇਨ ਖੜ੍ਹੀ ਰਹੀ।
ਇਸ ਤੋਂ ਬਾਅਦ ਜਦੋਂ ਯਾਤਰੀਆਂ ਨੇ ਬਾਹਰ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਇੰਜਣ ਅਤੇ ਕੁਝ ਡੱਬੇ ਛੱਡ ਕੇ ਅੱਗੇ ਚਲੇ ਗਏ ਸਨ, ਜਦਕਿ ਬਾਕੀ ਡੱਬੇ ਪਿੱਛੇ ਰਹਿ ਗਏ ਸਨ। ਦੱਸ ਦਈਏ ਕਿ ਕੋਟਾ ਰੇਲਵੇ ਡਿਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਰੋਹਿਤ ਮਾਲਵੀਆ ਦਾ ਕਹਿਣਾ ਹੈ ਕਿ ਰੇਲਗੱਡੀ ਦੇ ਏ3 ਅਤੇ ਏ4 ਡੱਬਿਆਂ ਦੇ ਆਪਸ ਵਿੱਚ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਰੇਲਵੇ ਸਟਾਫ ਨੇ ਦੋਵਾਂ ਡੱਬਿਆਂ ਨੂੰ ਜੋੜ ਕੇ ਕੋਟਾ ਭੇਜ ਦਿੱਤਾ। ਕੋਟਾ ਪਹੁੰਚਣ 'ਤੇ ਕੋਚ ਨੂੰ ਹਟਾ ਦਿੱਤਾ ਗਿਆ। ਇਸ ਪੂਰੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਹਾਲਾਂਕਿ ਇਸ ਘਟਨਾ 'ਚ ਕੋਈ ਜਾਨੀ ਜਾਂ ਨੁਕਸਾਨ ਨਹੀਂ ਹੋਇਆ।