ਪੱਤਰ ਪ੍ਰੇਰਕ : ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਆਗੂ ਨੈਫੇ ਸਿੰਘ ਰਾਠੀ ਦੀ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਹਮਲਾਵਰ ਹੱਤਿਆ ਕਰਨ ਤੋਂ ਪਹਿਲਾਂ ਇੱਕ ਹੁੰਡਈ ਕਾਰ ਵਿੱਚ ਘੁੰਮਦੇ ਹੋਏ ਦਿਖਾਈ ਦੇ ਸਕਦੇ ਹਨ। ਸੀਸੀਟੀਵੀ ਵੀਡੀਓ ਵਿੱਚ ਚਾਰ ਮੁਲਜ਼ਮਾਂ ਨੂੰ ਉਸੇ ਕਾਰ ਵਿੱਚ ਵਾਪਸ ਆਉਂਦੇ ਹੋਏ ਵੀ ਦੇਖਿਆ ਜਾ ਸਕਦਾ ਹੈ।
ਹਮਲੇ ਵਿੱਚ ਰਾਠੀ ਦੇ ਨਾਲ ਕਾਰ ਵਿੱਚ ਮੌਜੂਦ ਇੱਕ ਹੋਰ ਇਨੈਲੋ ਵਰਕਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਤਿੰਨ ਪ੍ਰਾਈਵੇਟ ਗੰਨਮੈਨ, ਜਿਨ੍ਹਾਂ ਨੂੰ ਰਾਠੀ ਨੇ ਸੁਰੱਖਿਆ ਲਈ ਰੱਖਿਆ ਸੀ, ਜ਼ਖਮੀ ਹੋ ਗਏ।
ਰਿਪੋਰਟ ਮੁਤਾਬਕ ਐਤਵਾਰ ਸ਼ਾਮ ਕਰੀਬ 5 ਵਜੇ ਰਾਠੀ ਦੀ ਕਾਰ ਨੂੰ ਰੇਲਵੇ ਕਰਾਸਿੰਗ 'ਤੇ ਰੋਕਿਆ ਗਿਆ, ਜਦੋਂ ਕਾਰ 'ਚ ਸਵਾਰ ਕਾਤਲਾਂ ਨੇ ਰਾਠੀ ਦੀ ਗੱਡੀ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਰਿਪੋਰਟਾਂ ਮੁਤਾਬਕ ਚਾਰ ਹਮਲਾਵਰਾਂ ਨੇ ਘੱਟੋ-ਘੱਟ 30 ਰਾਊਂਡ ਫਾਇਰ ਕੀਤੇ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਰਾਠੀ ਦੀ ਗਰਦਨ, ਪੇਟ, ਰੀੜ੍ਹ ਦੀ ਹੱਡੀ ਅਤੇ ਪੱਟ 'ਤੇ ਗੋਲ਼ੀਆਂ ਲੱਗੀਆਂ ਸਨ।
ਦੱਸ ਦਈਏ ਕਿ ਹਰਿਆਣਾ ਪੁਲਿਸ ਨੇ ਪਿਛਲੇ ਸਾਲ ਜਨਵਰੀ ਵਿੱਚ ਸਾਬਕਾ ਮੰਤਰੀ ਮੰਗੇ ਰਾਮ ਦੇ ਬੇਟੇ ਜਗਦੀਸ਼ ਦੀ ਮੌਤ ਤੋਂ ਬਾਅਦ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿੱਚ ਰਾਠੀ ਸਮੇਤ ਛੇ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਪੁਲਿਸ ਨੇ ਉਦੋਂ ਕਿਹਾ ਸੀ ਕਿ ਜਗਦੀਸ਼ ਦੇ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਕੁਝ ਮੁਲਜ਼ਮ ਉਸ ਨੂੰ ਜਾਇਦਾਦ ਨਾਲ ਸਬੰਧਤ ਮਾਮਲੇ ਵਿੱਚ ਤੰਗ-ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਕਾਰਨ ਉਹ ਕਾਫੀ ਤਣਾਅ ਵਿੱਚ ਸੀ।
ਨੈਫੇ ਸਿੰਘ ਰਾਠੀ ਦੇ ਕਤਲ 'ਚ ਅੰਦਰੂਨੀ ਭੂਮਿਕਾ?
ਜਦੋਂ ਹਮਲਾ ਹੋਇਆ ਤਾਂ ਰਾਠੀ ਬਾਰਾਹੀ ਪਿੰਡ ਦਾ ਦੌਰਾ ਕਰਕੇ ਘਰ ਪਰਤ ਰਹੇ ਸਨ। ਉਥੇ ਕਰੀਬ 45 ਮਿੰਟ ਬਿਤਾਉਣ ਤੋਂ ਬਾਅਦ ਰਾਠੀ ਸ਼ਾਮ 4.45 ਵਜੇ ਪਿੰਡ ਤੋਂ ਰਵਾਨਾ ਹੋ ਗਏ। ਵਾਪਸੀ ਦੌਰਾਨ ਸ਼ਾਮ 5 ਵਜੇ ਦੇ ਕਰੀਬ ਜਦੋਂ ਉਹ ਰੇਲਵੇ ਕ੍ਰਾਸਿੰਗ 'ਤੇ ਉਡੀਕ ਕਰ ਰਹੇ ਸਨ ਤਾਂ ਉਸ 'ਤੇ ਹਮਲਾ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੂੰ ਰਾਠੀ ਦੀ ਯਾਤਰਾ ਯੋਜਨਾ ਦੀ ਪਹਿਲਾਂ ਤੋਂ ਜਾਣਕਾਰੀ ਸੀ ਜਾਂ ਉਹ ਉਸ ਨੂੰ ਰੀਅਲ-ਟਾਈਮ ਅਪਡੇਟ ਦੇ ਰਹੇ ਸਨ।