ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ 1 ਕਰੋੜ ਰੁਪਏ ਲਈ ਹੋਇਆ ਸੀ। ਇਸ 'ਚ ਹਰ ਸ਼ਾਰਪ ਸ਼ੂਟਰ ਨੂੰ 5-5 ਲੱਖ ਰੁਪਏ ਮਿਲੇ ਹਨ। ਬਾਕੀ ਦੇ ਪੈਸੇ ਹੋਰ ਸਹਾਇਕਾਂ ਨੂੰ ਦੇ ਦਿੱਤੇ ਗਏ। ਮੂਸੇਵਾਲਾ ਦੇ ਕਤਲ ਵਾਲੇ ਦਿਨ ਕਾਤਲਾਂ ਦੀ ਕਾਰ 'ਚ 10 ਲੱਖ ਦੀ ਨਕਦੀ ਮੌਜੂਦ ਸੀ। ਇਹ ਨਕਦੀ ਕੈਨੇਡਾ ਬੈਠੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਭੇਜੀ ਸੀ।
ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ ਤੇ ਕਸ਼ਿਸ਼ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਹੈ। ਹੁਣ ਪੁਲੀਸ ਇਨ੍ਹਾਂ ਕੋਲੋਂ ਨਕਦੀ ਬਰਾਮਦ ਕਰਨ 'ਚ ਲੱਗੀ ਹੋਈ ਹੈ। ਮੂਸੇਵਾਲਾ ਦੇ ਕਤਲ 'ਚ ਵਿਦੇਸ਼ੀ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਜਿਸ 'ਚ ਆਸਟਰੀਆ ਦੀ ਗਲੋਕ ਪਿਸਤੌਲ, ਜਰਮਨੀ ਦੀ ਹੈਕਲਰ ਐਂਡ ਕੋਚ ਪੀ-30 ਹੈਂਡਗਨ, ਸਟਾਰ ਪਿਸਟਲ, ਤੁਰਕੀ ਦੀ ਜਿਗਾਨਾ ਸੈਮੀ-ਆਟੋਮੈਟਿਕ ਪਿਸਤੌਲ ਅਤੇ ਏ.ਕੇ.47 ਦੀ ਵਰਤੋਂ ਕੀਤੀ ਗਈ। ਪ੍ਰਿਆਵਰਤ ਫੌਜੀ ਤੇ ਅੰਕਿਤ ਸੇਰਸਾ ਨੇ ਵਿਦੇਸ਼ੀ ਹਥਿਆਰਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੀ ਸਿਖਲਾਈ ਲਈ।
ਮੋਗਾ ਦਾ ਰਹਿਣ ਵਾਲਾ ਸ਼ਾਰਪ ਸ਼ੂਟਰ ਮਨਪ੍ਰੀਤ ਮਨੂੰ ਕੁਝ ਸਮਾਂ ਪਹਿਲਾਂ ਜੇਲ੍ਹ ਗਿਆ ਸੀ। ਉਥੇ ਉਸ ਦੀ ਕੁੱਟਮਾਰ ਕੀਤੀ ਗਈ। ਉਸ ਨੂੰ ਸ਼ੱਕ ਸੀ ਕਿ ਬੰਬੀਹਾ ਗੈਂਗ ਨੇ ਉਸ ਦੀ ਕੁੱਟਮਾਰ ਕੀਤੀ ਹੈ। ਇਸ ਦਾ ਵੀਡੀਓ ਵੀ ਬਾਅਦ 'ਚ ਵਾਇਰਲ ਕਰ ਦਿੱਤਾ ਗਿਆ।
ਜਿਕਰਯੋਗ ਹੈ ਕਿ ਮਾਨਸਾ ਦੇ ਜਵਾਹਰਕੇ 'ਚ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ 3 ਸ਼ਾਰਪਸ਼ੂਟਰਾਂ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਅਤੇ ਕੁਲਦੀਪ ਉਰਫ਼ ਕਸ਼ਿਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਨੇ ਗੱਡੀ ਦੀ ਰੇਕੀ ਕਰਕੇ ਭੱਜਣ ਵਿੱਚ ਮਦਦ ਕਰਨ ਦੇ ਦੋਸ਼ ਵਿੱਚ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।