ਲੁਧਿਆਣਾ (ਹਰਮੀਤ): ਜਗਰਾਓ ਦੇ ਮੁਹੱਲਾ ਸੱਤ ਨੰਬਰ ਚੂੰਗੀ 'ਤੇ ਇਕ ਨੌਜ਼ਵਾਨ ਨੂੰ ਉਸਦੇ ਹੀ ਕੁਝ ਸਾਥੀਆਂ ਨੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ, ਜਿਸ ਦੇ ਚਲਦੇ ਮਨਪ੍ਰੀਤ ਸਿੰਘ ਨਾਮ ਦਾ ਨੌਜਵਾਨ 82% ਝੁਲਸ ਗਿਆ ਅਤੇ ਉਸਨੂੰ ਇਲਾਜ ਲਈ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ। ਇਹ ਪੂਰੀ ਘਟਨਾ CCTV ਵਿੱਚ ਵੀ ਰਿਕਾਰਡ ਹੋ ਗਈ, ਜਿਸ ਦੇ ਚਲਦੇ ਥਾਣਾ ਸਿਟੀ ਪੁਲਿਸ ਨੇ ਅੱਠ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦਰਅਸਲ ਇਹ ਪੂਰੀ ਘਟਨਾ 4 ਜੂਨ ਨੂੰ ਵਾਪਰੀ ਅਤੇ ਅੱਗ ਨਾਲ ਝੁਲਸਣ ਵਾਲੇ ਨੌਜ਼ਵਾਨ ਨੇ ਪਰਿਵਾਰਿਕ ਮੈਂਬਰਾਂ ਨੂੰ ਇਹ ਦਸਿਆ ਗਿਆ ਕਿ ਤੁਹਾਡੇ ਮੁੰਡੇ ਨੂੰ ਮੋਟਰਸਾਈਕਲ ਵਿਚ ਪੈਟਰੋਲ ਪਵਾਉਂਦੇ ਸਮੇਂ ਅੱਗ ਲੱਗ ਗਈ, ਮਾਪੇ ਉਸ ਸਮੇਂ ਤਾਂ ਆਪਣੇ ਮੁੰਡੇ ਨੂੰ ਬਚਾਉਣ ਵਿਚ ਲੱਗ ਗਏ ਅਤੇ ਉਸਨੂੰ ਫ਼ਰੀਦਕੋਟ ਮੈਡੀਕਲ ਹਸਪਤਾਲ ਵਿਖੇ ਦਾਖਿਲ ਕਰਵਾ ਦਿੱਤਾ ਗਿਆ। ਇਸ ਤੋ ਬਾਅਦ ਜਦੋਂ ਵਾਪਿਸ ਆ ਕੇ ਉਹਨਾਂ ਇਲਾਕੇ ਦੇ CCTV ਕੈਮਰੇ ਦੇਖਣੇ ਸ਼ੁਰੂ ਕੀਤੇ ਤਾਂ ਬੀਤੇ ਕੱਲ ਉਨਾਂ ਨੂੰ ਇਕ ਕੈਮਰੇ ਵਿੱਚੋ ਫੁਟੇਜ ਮਿਲੀ।
ਜਿਸ ਵਿਚ ਉਨ੍ਹਾਂ ਦੇ ਮੁੰਡੇ ਦੇ ਸਾਥੀ ਹੀ ਉਸ ਤੇ ਪੈਟਰੋਲ ਪਾ ਕੇ ਅੱਗ ਲਾ ਰਹੇ ਸਨ। ਇਸ ਬਾਰੇ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਥਾਣਾ ਸਿਟੀ ਜਗਰਾਓ ਪੁਲਿਸ ਨੇ ਆਪਣੀ ਜਾਂਚ ਕਰਦਿਆਂ ਇਸ ਮਾਮਲੇ ਵਿਚ 8 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਇਸ ਘਟਨਾ ਲਈ ਜਿੰਮੇਵਾਰ ਨੌਜ਼ਵਾਨਾਂ ਨੂੰ ਕਾਬੂ ਵੀ ਕਰ ਲਿਆ ਜਾਵੇਗਾ।