ਕੈਨੇਡਾ : ਸਰੀ ਵਿਖੇ ਮੋਮਬੱਤੀਆਂ ਜਗਾ ਕੇ ਪ੍ਰਭਲੀਨ ਕੌਰ ਨੂੰ ਦਿੱਤੀ ਜਾਏਗੀ ਸ਼ਰਧਾਂਜ਼ਲੀ

by mediateam

ਸਰੀ (Vikram Sehajpal) : ਸਰੀ ਵਿਚ ਬੀਤੇ ਵੀਰਵਾਰ (21 ਨਵੰਬਰ) ਨੂੰ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀ ਪ੍ਰਭਲੀਨ ਮਠਾੜੂ ਦੇ ਕਤਲ ਕੀਤੇ ਜਾਣ ਦੀ ਘਟਨਾ ਕਾਰਨ ਪੰਜਾਬੀ ਭਾਈਚਾਰੇ ਵਿਚ ਭਾਰੀ ਸੋਗ ਪਾਇਆ ਜਾ ਰਿਹਾ ਹੈ ਅਤੇ ਸਮੂਹ ਭਾਈਚਾਰੇ ਵੱਲੋਂ 30 ਨਵੰਬਰ (ਸ਼ਨੀਵਾਰ) ਨੂੰ ਸ਼ਾਮ 5 ਵਜੇ ਹਾਲੈਂਡ ਪਾਰਕ ਸਰੀ ਵਿਚ ਮੋਮਬੱਤੀਆਂ ਜਗਾ ਕੇ ਪ੍ਰਭਲੀਨ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਜਾਵੇਗੀ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਕਾਲਤ ਕਰ ਰਹੀ ਇਕ ਗ਼ੈਰ-ਮੁਨਾਫਾ ਸੰਸਥਾ “ਵਨ ਵੋਆਇਸ ਕੈਨੇਡਾ” ਵੱਲੋਂ ਇਸ ਕੈਂਡਲ ਲਾਈਟ ਦਾ ਸੱਦਾ ਦਿੱਤਾ ਗਿਆ ਹੈ।

ਸਟੂਡੈਂਟ ਵੀਜ਼ਾ ਰਾਹੀਂ ਕੈਨੇਡਾ ਆਈ ਸੀ ਪ੍ਰਭਲੀਨ

ਜ਼ਿਕਰਯੋਗ ਹੈ ਕਿ ਪ੍ਰਭਲੀਨ ਕੌਰ 14 ਨਵੰਬਰ, 2016 ਨੂੰ ਸਟੂਡੈਂਟ ਵੀਜ਼ਾ ਰਾਹੀਂ ਕੈਨੇਡਾ ਆਈ ਸੀ। ਉਸ ਨੇ ਵੈਨਕੂਵਰ ਸਥਿਤ ਲੰਗਾਰਾ ਕਾਲਜ ਤੋਂ ਬਿਜ਼ਨੈੱਸ ਮੈਨੇਜਮੈਂਟ ਦਾ ਕੋਰਸ ਕੀਤਾ ਸੀ। ਪ੍ਰਭਲੀਨ ਨੂੰ ਇਸੇ ਵਰ੍ਹੇ ਫ਼ੁਲ–ਟਾਈਮ ਨੌਕਰੀ ਮਿਲੀ ਸੀ, ਉਹ ਇਕ ਸਟੋਰ 'ਤੇ ਕੰਮ ਕਰ ਰਹੀ ਸੀ ਤੇ ਸਰੀ 'ਚ ਆਪਣੇ ਜਾਣਕਾਰਾਂ ਨਾਲ ਕਿਰਾਏ 'ਤੇ ਰਹਿੰਦੀ ਸੀ। 

ਸਰੀ ਪੁਲਸ ਨੂੰ ਵੀਰਵਾਰ (21 ਨਵੰਬਰ) ਦੀ ਸ਼ਾਮ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੂੰ 140 ਸਟਰੀਟ ਦੇ ਨੇੜੇ 102ਏ ਐਵੀਨਿਊ ਤੇ ਇਕ ਘਰ ਵਿੱਚੋਂ ਦੋ ਲਾਸ਼ਾਂ ਮਿਲੀਆਂ ਜਿਨ੍ਹਾਂ ਵਿਚ ਇਕ ਪ੍ਰਭਲੀਨ ਸੀ ਅਤੇ ਇਕ 18 ਸਾਲਾਂ ਦਾ ਹੋਰ ਲੜਕਾ ਸੀ ਜੋ ਲੋਅਰ ਮੇਨਲੈਂਡਾ ਦਾ ਰਹਿਣ ਵਾਲਾ ਸੀ। 

ਤੁਹਾਨੂੰ ਦੱਸ ਦਈਏ ਕਿ ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਟ ਟੀਮ ਨੇ ਸੋਮਵਾਰ ਨੂੰ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਇਲਾਵਾ ਹੋਰ ਕੋਈ ਟਿੱਪਣੀ ਨਹੀਂ ਕੀਤੀ ਕਿ ਮ੍ਰਿਤਕਾ 21 ਸਾਲਾ ਭਾਰਤ ਦੀ ਰਹਿਣ ਵਾਲੀ ਸੀ ਅਤੇ ਉਸ ਦੇ ਨਾਲ ਮ੍ਰਿਤਕ ਪਾਇਆ ਗਿਆ 18 ਸਾਲਾ ਲੜਕਾ ਲੋਅਰ ਮੇਨਲੈਂਡ ਦਾ ਰਹਿਣ ਵਾਲਾ ਸੀ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਸ ਕੇਸ ਵਿਚ ਕਿਸੇ ਵੀ ਸ਼ੱਕੀ ਵਿਅਕਤੀ ਦੀ ਭਾਲ ਨਹੀਂ ਕੀਤੀ ਜਾ ਰਹੀ। ”