ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਜੀਠਾ ਨੇੜੇ ਕੱਥੂਨੰਗਲ ਰੋਡ ’ਤੇ ਬੀਤੀ ਰਾਤ ਇਕ ਨੌਜਵਾਨ ਦਾ ਕਤਲ ਹੋਣ ਦੀ ਖ਼ਬਰ ਸਾਮਣੇ ਆਈ ਹੈ। ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਲਾਡੀ ਪੁੱਤਰ ਸਾਬਕਾ ਸਰਪੰਚ ਕੁਨਣ ਸਿੰਘ ਵਾਸੀ ਪਿੰਡ ਵਡਾਲਾ ਜੋ ਕੇ ਕੱਥੂਨੰਗਲ ਰੋਡ ਮਜੀਠਾ ਵਿਖੇ ਚਿਕਨ ਦੀ ਦੁਕਾਨ ਤੇ ਕੰਮ ਕਰਦਾ ਸੀ।
ਜਾਣਕਾਰੀ ਅਨੁਸਾਰ ਕੁਝ ਨੌਜਵਾਨ ਦੁਕਾਨ ’ਤੇ ਆਏ ਜਿਨ੍ਹਾਂ ਨੇ ਦੁਕਾਨ ਤੋਂ ਮੀਟ-ਮੱਛੀ ਖਾਧਾ ਅਤੇ ਬਾਅਦ ਵਿਚ ਪੈਸਿਆਂ ਦੇ ਲੈਣ-ਦੇਣ ਤੋਂ ਤਕਰਾਰ ਹੋਇਆ ਹੋ ਗਿਆ। ਪਹਿਲਾਂ ਤਾਂ ਉਕਤ ਲੋਕ ਉਥੋਂ ਚਲੇ ਗਏ ਅਤੇ ਕੁਝ ਦੇਰ ਬਾਅਦ ਤੇਜ਼ਧਾਰ ਹਥਿਆਰਾਂ ਲੈ ਕੇ ਆਏ ਤੇ ਕਰਮਜੀਤ ਸਿੰਘ ਲਾਡੀ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ।
ਇਸ ਹਮਲੇ ਵਿਚ ਲਾਡੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਜ਼ਮੀਨ ’ਤੇ ਡਿੱਗ ਪਿਆ। ਵਾਰਦਾਤ ਤੋਂ ਬਾਅਦ ਅਣਪਛਾਤੇ ਵਿਅਕਤੀ ਉਥੋਂ ਚਲੇ ਗਏ। ਇਸ ਦੌਰਾਨ ਲਾਡੀ ਨੂੰ ਨੇੜੇ ਦੇ ਦੁਕਾਨਦਾਰਾਂ ਨੇ ਨਿੱਜੀ ਹਸਪਤਾਲ ਵਿਚ ਲਿਆਂਦਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।