IPL T20 : ਮੁੰਬਈ ਨੇ ਟਾਸ ਜਿੱਤ ਦਿੱਲੀ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ

by mediateam

ਮੁੰਬਈ (ਵਿਕਰਮ ਸਹਿਜਪਾਲ) : ਆਈ.ਪੀ. ਐੱਲ. ਸੀਜ਼ਨ 12 ਦਾ ਤੀਜਾ ਮੈਚ ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਸ ਵਿਚਾਲੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ ਜਿਸ 'ਚ ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਇਸ ਮੁਕਾਬਲੇ ਵਿਚ ਸਾਰੀਆਂ ਨਜ਼ਰਾਂ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਤੇ ਦਿੱਲੀ ਦੇ ਓਪਨਰ ਸ਼ਿਖਰ ਧਵਨ 'ਤੇ ਲੱਗੀਆਂ ਰਹਿਣਗੀਆਂ, ਜਿਹੜੇ ਭਾਰਤੀ ਟੀਮ ਵਿਚ ਸੀਮਤ ਓਵਰਾਂ ਦੇ ਮੈਚਾਂ ਵਿਚ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲਦੇ ਹਨ। 


ਸ਼ਿਖਰ ਇਸ ਸੈਸ਼ਨ ਵਿਚ ਹੈਦਰਾਬਾਦ ਦੀ ਟੀਮ ਛੱਡ ਕੇ ਆਪਣੇ ਘਰ ਦਿੱਲੀ ਪਰਤਿਆ ਹੈ ਤੇ ਉਹ ਜਾਣਦਾ ਹੈ ਕਿ ਰੋਹਿਤ ਨੂੰ ਦੌੜਾਂ ਬਣਾਉਣ ਤੋਂ ਕਿਵੇਂ ਰੋਕਣਾ ਹੈ। ਦਿੱਲੀ ਦਾ ਕੋਚ ਆਸਟਰੇਲੀਆ ਦਾ ਰਿਕੀ ਪੋਂਟਿੰਗ ਹੈ ਤੇ ਟੀਮ ਨੇ ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੂੰ ਆਪਣਾ ਸਲਾਹਕਾਰ ਬਣਾਇਆ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਗਾਂਗੁਲੀ ਤੇ ਪੋਟਿੰਗ ਦੀ ਜੁਗਲਬੰਦੀ ਦਿੱਲੀ ਦੀ ਕਿਸਮਤ ਨੂੰ ਕਿੰਨਾ ਬਦਲਦੀ ਹੈ। ਇਹ ਵੀ ਦਿਲਚਸਪ ਹੈ ਕਿ ਦਿੱਲੀ ਦਾ ਕਪਤਾਨ ਸ਼੍ਰੇਅਸ ਅਈਅਰ ਮੁੰਬਈ ਦਾ ਖਿਡਾਰੀ ਹੈ ਤੇ ਉਹ ਮੁੰਬਈ ਟੀਮ ਦੀਆਂ ਕਮਜ਼ੋਰੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋਵੇਗਾ।