ਮੁੰਬਈ (ਵਿਕਰਮ ਸਹਿਜਪਾਲ) : ਲਸਿਥ ਮਲਿੰਗਾ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਕਪਤਾਨ ਰੋਹਿਤ ਸ਼ਰਮਾ ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਮੁੰਬਈ ਇੰਡੀਅਨਜ਼ ਨੇ ਐਤਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 23 ਗੇਂਦਾਂ ਬਾਕੀ ਰਹਿੰਦਿਆਂ 9 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਆਈ. ਪੀ. ਐੱਲ.-2012 ਦੇ ਲੀਗ ਗੇੜ ਵਿਚ ਚੋਟੀ ਦਾ ਸਥਾਨ ਹਾਸਲ ਕਰ ਕੇ ਪਹਿਲੇ ਕੁਆਲੀਫਾਇਰ ਵਿਚ ਖੇਡਣ ਦਾ ਹੱਕ ਹਾਸਲ ਕਰ ਲਿਆ। ਮੁੰਬਈ ਦੀ ਇਸ ਜਿੱਤ ਨਾਲ ਸਨਰਾਈਜ਼ਰਜ਼ ਹੈਦਰਾਬਾਦ 12 ਅੰਕ ਹੋਣ ਦੇ ਬਾਵਜੂਦ ਬਿਹਤਰ ਰਨ ਰੇਟ ਦੇ ਆਧਾਰ 'ਤੇ ਕੁਆਲੀਫਾਈ ਕਰਨ ਵਿਚ ਸਫਲ ਰਹੀ, ਜਦਕਿ ਦਿੱਲੀ ਕੈਪੀਟਲਸ 18 ਅੰਕ ਲੈ ਕੇ ਵੀ ਤੀਜੇ ਸਥਾਨ 'ਤੇ ਖਿਸਕ ਗਈ। ਕੇ. ਕੇ. ਆਰ. ਦੀ ਹਾਰ ਦੇ ਨਾਲ ਹੀ ਇਸ ਸੈਸ਼ਨ ਵਿਚ ਉਸਦਾ ਸਫਰ ਖਤਮ ਹੋ ਗਿਆ।
ਕੇ. ਕੇ. ਆਰ. ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ 'ਤੇ 133 ਦੌੜਾਂ ਹੀ ਬਣਾ ਸਕੀ। ਮੁੰਬਈ ਨੇ 16.1 ਓਵਰਾਂ ਵਿਚ 1 ਵਿਕਟ 'ਤੇ 134 ਦੌੜਾਂ ਬਣਾ ਕੇ ਸ਼ਾਨ ਨਾਲ ਅੰਕ ਸੂਚੀ ਵਿਚ ਪਹਿਲਾ ਸਥਾਨ ਹਾਸਲ ਕਰ ਲਿਆ। ਰੋਹਿਤ ਨੇ 48 ਗੇਂਦਾਂ 'ਤੇ ਅਜੇਤੂ 55 ਦੌੜਾਂ ਬਣਾਈਆਂ, ਜਿਸ ਵਿਚ 8 ਚੌਕੇ ਸ਼ਾਮਲ ਹਨ। ਉਸ ਨੇ ਕਵਿੰਟਨ ਡੀ ਕੌਕ (23 ਗੇਂਦਾਂ 'ਤੇ 30 ਦੌੜਾਂ) ਦੇ ਨਾਲ ਪਹਿਲੀ ਵਿਕਟ ਲਈ 46 ਤੇ ਸੂਰਯ ਕੁਮਾਰ ਯਾਦਵ (27 ਗੇਂਦਾਂ 'ਤੇ ਅਜੇਤੂ 46) ਨਾਲ ਦੂਜੀ ਵਿਕਟ ਲਈ ਅਜੇਤੂ ਸਾਂਝੇਦਾਰੀ ਕੀਤੀ। ਕੇ. ਕੇ. ਆਰ. ਨੂੰ ਆਂਦ੍ਰੇ ਰਸੇਲ ਦੀ ਅਸਫਲਤਾ ਤੇ ਰੌਬਿਨ ਉਥੱਪਾ ਦੀ ਹੌਲੀ ਬੱਲੇਬਾਜ਼ੀ ਮਹਿੰਗੀ ਪਈ।
ਕ੍ਰਿਸ ਲਿਨ (29 ਗੇਂਦਾਂ 'ਤੇ 41 ਦੌੜਾਂ) ਨੇ ਕੇ. ਕੇ. ਆਰ. ਨੂੰ ਚੰਗੀ ਸ਼ੁਰੂਆਤ ਦਿਵਾਈ ਸੀ। ਉਥੱਪਾ ਨੇ ਤਿੰਨ ਛੱਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ ਪਰ ਉਸ ਨੇ ਇਸਦੇ ਲਈ 47 ਗੇਂਦਾਂ ਖੇਡੀਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਨਿਤਿਸ਼ ਰਾਣਾ (13 ਗੇਂਦਾਂ 'ਤੇ 26 ਦੌੜਾਂ) ਹੀ ਦੋਹਰੇ ਅੰਕ ਵਿਚ ਪਹੁੰਚਿਆ। ਕੇ. ਕੇ. ਆਰ. ਨੂੰ. ਪਲੇਅ ਆਫ ਵਿਚ ਪਹੁੰਚਣ ਲਈ ਸਿਰਫ ਜਿੱਤ ਦੀ ਹੀ ਲੋੜ ਸੀ ਪਰ ਹਾਰ ਜਾਣ ਨਾਲ ਉਸ ਨੇ 12 ਅੰਕਾਂ ਨਾਲ ਆਪਣੀ ਮੁਹਿੰਮ ਦਾ ਅੰਤ ਕੀਤਾ। ਸਨਰਾਈਜ਼ਰਜ਼ ਹੈਦਰਾਬਾਦ ਤੇ ਕਿੰਗਜ਼ ਇਲੈਵਨ ਪੰਜਾਬ ਦੇ ਵੀ 12-12 ਅੰਕ ਰਹੇ ਪਰ ਹੈਦਰਾਬਾਦ ਦੀ ਟੀਮ ਬਿਹਤਰ ਰਨ ਰੇਟ ਦੇ ਆਧਾਰ 'ਤੇ ਪਲੇਅ ਆਫ ਵਿਚ ਪਹੁੰਚ ਗਈ।