ਲੁਧਿਆਣਾ, 6 ਮਾਰਚ 2024 – ਪੁਲਿਸ ਵਲੋਂ ਬੀਤੇ ਦਿਨ ਨਗਰ ਨਿਗਮ ਮੁਲਾਜ਼ਮ ਨਾਲ ਉਲਝਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਸਾਂਸਦ ਰਵਨੀਤ ਸਿੰਘ ਬਿੱਟੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਅਤੇ ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੂੰ ਅਦਾਲਤ ਵਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਹੁਣ ਇਹ ਚਾਰੋ ਆਗੂ ਕਾਗਜ਼ੀ ਕਾਰਵਾਈ ਪੂਰੀ ਕਰਕੇ ਅੱਜ ਹੀ ਜੇਲ੍ਹ ‘ਚੋਂ ਬਾਹਰ ਆ ਜਾਣਗੇ। ਜ਼ਿਕਰਯੋਗ ਹੀ ਕਿ ਬੀਤੇ ਦਿਨ ਇਨ੍ਹਾਂ ਸਾਰੇ ਲੀਡਰਾਂ ਨੂੰ ਲੁਧਿਆਣਾ ਦੀ ਜੇਲ੍ਹ ਤੋਂ ਬੀਤੀ ਸ਼ਾਮ ਨੂੰ ਹੀ ਨਾਭਾ ਜੇਲ੍ਹ ‘ਚ ਸ਼ਿਫਟ ਕਰ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਰਵਨੀਤ ਬਿੱਟੂ ਵਲੋਂ 27 ਫਰਵਰੀ ਨੂੰ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਮਾਤਾ ਰਾਣੀ ਚੌਕ ਸਥਿਤ ਨਗਰ ਨਿਗਮ ਦੇ ਮੇਨ ਆਫਿਸ ਨੂੰ ਤਾਲਾ ਲਗਾ ਦਿੱਤਾ ਗਿਆ ਸੀ। ਇਸ ਮਾਮਲੇ ’ਚ ਨਗਰ ਨਿਗਮ ਵਲੋਂ ਇਕ ਚੌਕੀਦਾਰ ਜ਼ਰੀਏ ਬਿੱਟੂ ਨਾਲ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਵਿਧਾਇਕ ਸੰਜੇ ਤਲਵਾੜ ਤੇ 60 ਹੋਰ ਕਾਂਗਰਸੀਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ।.
ਜਿਸ ਤੋਂ ਬਾਅਦ ਰਵਨੀਤ ਬਿੱਟੂ, ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾੜ, ਸ਼ਾਮ ਸੁੰਦਰ ਅਰੋੜਾ ‘ਤੇ 28 ਫਰਵਰੀ ਨੂੰ U/S 353,186,149 ਆਈਪੀਸੀ ਦਰਜ ਕੀਤੀ ਗਈ ਐਫਆਈਆਰ ਤਹਿਤ ਲੁਧਿਆਣਾ ਪੁਲਿਸ ਨੇ ਬੀਤੇ ਦਿਨ ਗ੍ਰਿਫਤਾਰ ਕਰਨ ਤੋਂ ਬਾਅਦ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਹੁਣ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਨੂੰ ਹੋਵੇਗੀ।