ਦਿੱਲੀ (ਦੇਵ ਇੰਦਰਜੀਤ) : ਕੋਰੋਨਾ ਕਾਰਨ ਲੱਗੀ ਤਾਲਾਬੰਦੀ ਕਾਰਨ ਦਿੱਲੀ ਮੈਟਰੋ ਰੇਲ ਨਿਗਮ ਦੀਆਂ ਸੇਵਾਵਾਂ 20 ਮਈ ਨੂੰ ਪੂਰੀ ਤਰ੍ਹਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਦਿੱਲੀ ਵਿਚ ਵੱਧਦੇ ਕੋਰੋਨਾ ਵਾਇਰਸ ਕਾਰਨ 19 ਅਪ੍ਰੈਲ ਨੂੰ ਤਾਲਾਬੰਦੀ ਲਾਈ ਗਈ ਸੀ ਅਤੇ ਉਸ ਤੋਂ ਬਾਅਦ ਦਿੱਲੀ ਸਰਕਾਰ ਨੇ ਤਾਲਾਬੰਦੀ ਦਾ ਸਮਾਂ ਵਧਾ ਦਿੱਤਾ ਹੈ। ਹਾਲਾਂਕਿ ਸਰਕਾਰ ਵਲੋਂ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ।
ਓਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਨਲਾਕ ਦੀ ਪ੍ਰਕਿਰਿਆ ਤਹਿਤ ਲੋਕਾਂ ਨੂੰ ਕੋਵਿਡ ਉਪਯੁਕਤ ਵਿਵਹਾਰ ਕਰਨ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਤਾਲਾਬੰਦੀ ਵਿਚ ਹੋਰ ਛੋਟ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ 7 ਜੂਨ ਤੋਂ ਦਿੱਲੀ ਮੈਟਰੋ 50 ਫ਼ੀਸਦੀ ਸਮਰੱਥਾ ਨਾਲ ਚਲੇਗੀ ਅਤੇ ਬਜ਼ਾਰ ਆਡ-ਈਵਨ ਫਾਰਮੂਲੇ ਨਾਲ ਖੁੱਲ੍ਹਣਗੇ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਦਿੱਲੀ ’ਚ ਕਈ ਗਤੀਵਿਧੀਆਂ ਫਿਰ ਤੋਂ ਸ਼ੁਰੂ ਹੋ ਰਹੀਆਂ ਹਨ ਪਰ ਕੋਰੋਨਾ ਤੋਂ ਬਚਾਅ ਲਈ ਸਾਰੀਆਂ ਸਾਵਧਾਨੀਆਂ ਵਰਤੋਂ- ਮਾਸਕ ਪਹਿਨੋ, ਸਮਾਜਿਕ ਦੂਰੀ ਬਣਾ ਕੇ ਰੱਖੋ ਅਤੇ ਹੱਥ ਧੋਂਦੇ ਰਹੋ, ਬਿਲਕੁਲ ਢਿੱਲ ਨਹੀਂ ਵਰਤਣੀ। ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚ ਕੇ ਵੀ ਰਹਿਣਾ ਹੈ ਅਤੇ ਅਰਥਵਿਵਸਥਾ ਨੂੰ ਫਿਰ ਤੋਂ ਪਟੜੀ ’ਤੇ ਵੀ ਲਿਆਉਣਾ ਹੈ।
ਰਾਸ਼ਟਰੀ ਰਾਜਧਾਨੀ ਦਿੱਲੀ ’ਚ ਕੋਰੋਨਾ ਵਾਇਰਸ ਦੀ ਮੱਠੀ ਰਫ਼ਤਾਰ ਮਗਰੋਂ ਸੋਮਵਾਰ ਯਾਨੀ ਕਿ ਅੱਜ ਦਿੱਲੀ ਮੈਟਰੋ ਸੇਵਾ ਬਹਾਲ ਕਰ ਦਿੱਤੀ ਗਈ ਹੈ। ਮੈਟਰੋ ਸੇਵਾ ਕਰੀਬ 3 ਹਫ਼ਤਿਆਂ ਬਾਅਦ ਬਹਾਲ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੈਟਰੋ ਵਿਚ ਉਸ ਦੀ ਸਮਰੱਥਾ ਦੇ 50 ਫ਼ੀਸਦੀ ਯਾਤਰੀ ਹੀ ਬੈਠ ਸਕਣਗੇ ਅਤੇ ਖੜ੍ਹੇ ਹੋ ਕੇ ਯਾਤਰਾ ਕਰਨ ਦੀ ਆਗਿਆ ਨਹੀਂ ਹੋਵੇਗੀ। ਮੈਟਰੋ ਦੀਆਂ ਵੱਖ-ਵੱਖ ਲਾਈਨਾਂ ’ਤੇ ਸਿਰਫ਼ ਅੱਧੀਆਂ ਟਰੇਨਾਂ ਦਾ ਹੀ ਸੰਚਾਲਨ ਕੀਤਾ ਜਾਵੇਗਾ ਅਤੇ ਹਰ 5 ਤੋਂ 15 ਮਿੰਟ ਦੇ ਵਕਫ਼ੇ ’ਤੇ ਮੈਟਰੋ ਮਿਲੇਗੀ।