Mother’s Day Special : ਮਾਂ ਸ਼ਬਦ ‘ਚ ਹੀ ਛੁਪਿਆ ਹੈ ਮਮਤਾ ਦਾ ਸਾਗਰ

by

ਕਪੂਰਥਲਾ (ਗੁਰਦੇਵ ਸਿੰਘ ਭੱਟੀ) : ਮਾਂ ਦਿਵਸ 1908 ਤੋਂ ਹੋਂਦ ਵਿਚ ਆਇਆ। ਮਾਂ ਆਦਿ ਕਾਲ ਤੋਂ ਹੀ ਤਿਆਗ, ਮਮਤਾ ਅਤੇ ਪਿਆਰ ਦੀ ਮੂਰਤੀ ਹੈ, ਇਸੇ ਦੇ ਸਤਿਕਾਰ 'ਚ 'ਮਾਂ ਦਿਵਸ' ਮਨਾਇਆ ਜਾਂਦਾ ਹੈ।10 ਮਈ 1908 ਨੂੰ ਗਰਾਟਨ 'ਚ 'ਐਂਡ੍ਰਿਊਸ ਮੈਥੋਡਿਸਟ' ਨਾਮੀ ਚਰਚ ਨੇ ਸਭ ਤੋਂ ਪਹਿਲਾਂ 'ਮਦਰਸ ਡੇ' ਮਨਾਇਆ। ਗਿਆ। 9 ਮਈ 1914 ਨੂੰ ਅਮਰੀਕੀ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਅਮਰੀਕਾ 'ਚ 'ਮਦਰਸ ਡੇ' ਨੂੰ ਰਾਸ਼ਟਰੀ ਦਿਨ ਐਲਾਨਿਆ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਯੁੱਧ 'ਚ ਸ਼ਹੀਦ ਹੋਏ ਪੁੱਤਰਾਂ ਦੀਆਂ ਮਾਵਾਂ ਨੂੰ ਸਨਮਾਨ ਦੇਣ, ਦੇਸ਼ ਦੀਆਂ ਸਭ ਮਾਵਾਂ ਪ੍ਰਤੀ ਇੱਜ਼ਤ ਅਤੇ ਪਿਆਰ ਦੀ ਭਾਵਨਾ ਜਤਾਉਣ ਲਈ ਮਨਾਇਆ ਜਾਵੇਗਾ। ਸੰਨ 1911 ਤਕ ਇਹ ਦਿਨ ਅਮਰੀਕਾ 'ਚ ਹੀ ਨਹੀਂ, ਸਗੋਂ ਮੈਕਸੀਕੋ, ਕੈਨੇਡਾ, ਸਾਊਥ ਅਮਰੀਕਾ, ਚੀਨ, ਜਾਪਾਨ ਅਤੇ ਅਫ਼ਰੀਕਾ ਆਦਿ 'ਚ ਵੀ ਮਨਾਇਆ ਜਾਣ ਲੱਗ ਪਿਆ। ਸੰਨ 1934 'ਚ ਪੋਸਟ ਮਾਸਟਰ ਜਨਰਲ ਜੇਮਸ ਏ. ਫਾਰਲੇ ਨੇ 'ਮਦਰਸ ਡੇ' 'ਤੇ ਇਕ ਸਟੈਂਪ ਦਾ ਆਗਾਜ਼ ਵੀ ਕੀਤਾ। 

ਹੌਲੀ-ਹੌਲੀ ਇਹ ਪ੍ਰਥਾ ਭਾਰਤ 'ਚ ਜ਼ੋਰ ਫੜਨ ਲੱਗੀ। ਵਿਸ਼ਵੀਕਰਨ ਕਾਰਨ ਲਗਭਗ 10 ਸਾਲਾਂ ਤੋਂ ਇਹ ਪੱਛਮੀ ਦੇਸ਼ਾਂ ਦਾ ਤਿਓਹਾਰ ਭਾਰਤ 'ਚ ਵੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਇਸ ਤਿਓਹਾਰ ਦੀ ਸਫ਼ਲਤਾ ਦਾ ਕਾਰਨ ਮਾਂ ਨਾਲ ਜੁੜੀਆਂ ਭਾਵਨਾਵਾਂ ਹਨ। ਮਾਵਾਂ ਨੂੰ ਤਾਂ ਭਾਰਤ 'ਚ ਪਹਿਲਾਂ ਹੀ ਪੂਜਿਆ ਜਾਂਦਾ ਹੈ। ਇਹ ਤਿਓਹਾਰ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਮਾਂ ਦਾ ਸਾਡੇ ਜੀਵਨ 'ਚ ਕੀ ਮਹੱਤਵ ਹੈ। ਮਾਂ ਨੇ ਸਾਨੂੰ ਜਨਮ ਦਿੱਤਾ, ਨਿਰਸਵਾਰਥ ਹੋ ਕੇ ਸਾਡਾ ਪਾਲਣ ਪੋਸ਼ਣ ਕੀਤਾ। ਜਦੋਂ ਸਾਨੂੰ ਹੋਸ਼ ਵੀ ਨਹੀਂ ਹੁੰਦਾ ਤਾਂ ਮਾਂ ਸਾਡੀ ਹਰ ਤਰ੍ਹਾਂ ਹਿਫਾਜ਼ਤ ਕਰਦੀ ਹੈ। ਮਾਂ ਤੋਂ ਵੀ ਵਧੇਰੇ ਮਹਾਨ ਉਸ ਦੀ ਮਮਤਾ ਹੈ, ਜੋ ਉਸ ਦੇ ਜੀਵਨ ਕਾਲ 'ਚ ਕਦੇ ਖਤਮ ਨਹੀਂ ਹੁੰਦੀ। ਮਾਂ ਇੱਕ ਅਜਿਹਾ ਰਿਸ਼ਤਾ ਹੈ, ਜਿਸ 'ਤੇ ਬੱਚਾ ਅੱਖਾਂ ਮੀਟ ਕੇ ਵਿਸ਼ਵਾਸ ਕਰ ਸਕਦਾ ਹੈ।

ਅੱਜ ਦੀ ਔਰਤ ਪਹਿਲਾਂ ਨਾਲੋਂ ਕਿਤੇ ਮਾਡਰਨ ਅਤੇ ਮਜ਼ਬੂਤ ਹੈ। ਮਾਵਾਂ ਦੇ ਅਕਸ 'ਚ ਜ਼ਮੀਨ ਅਸਮਾਨ ਦਾ ਫ਼ਰਕ ਆਇਆ ਹੈ ਪਰ ਮਮਤਾ ਅੱਜ ਵੀ ਉਹੀ ਹੈ।ਮਾਂ ਦੀਆਂ ਲੋਰੀਆਂ ਵਿਚ ਸਵਰਗ ਵਰਗਾ ਅਨੰਦ ਹੈ, ਜਿਸ ਦੇ ਪਵਿੱਤਰ ਚਰਨਾਂ ਵਿਚੋਂ ਜੰਨਤ ਦਾ ਦੁਆਰ ਖੁੱਲ੍ਹਦਾ ਹੈ ਅਤੇ ਉਸ ਨਿੱਘੀ ਗੋਦ ਵਿਚ ਰੂਹਾਨੀ ਸੁੱਖਾਂ ਦੀ ਖਾਣ ਛੁਪੀ ਹੈ। ਔਲਾਦ ਲਈ ਮਾਂ ਦੀ ਮਿੱਠੜੀ ਜ਼ਬਾਨ 'ਤੇ ਅਸੀਸਾਂ, ਅੱਖਾਂ ਵਿਚ ਸੁਪਨੇ, ਢਿੱਡ ਵਿਚ ਡਰ, ਹਿਰਦੇ 'ਚ ਮਮਤਾ, ਦਿਲ ਵਿਚ ਰਹਿਮ, ਸੋਚਾਂ ਵਿਚ ਫ਼ਿਕਰ ਅਤੇ ਖੂਨ ਵਿਚ ਅਜ਼ੀਬ ਤੜਪ ਹਮੇਸ਼ਾ ਹੀ ਬਣੀ ਰਹਿੰਦੀ ਹੈ। ਉਹ ਔਲਾਦ ਦੇ ਖੁਸ਼ ਹੋਣ 'ਤੇ ਹੱਸਦੀ ਹੈ ਤੇ ਦੁਖੀ ਹੋਣ 'ਤੇ ਅੱਖਾਂ ਭਰਦੀ ਹੈ।ਮਾਂ ਦਿਵਸ 'ਤੇ ਕਪੂਰਥਲਾ ਸ਼ਹਿਰ ਦੇ ਮੁਹੱਲਾ ਪ੍ਰੀਤ ਨਗਰ ਦੇ ਇਕ ਅਜਿਹੇ ਸਾਂਝੇ ਪਰਿਵਾਰ ਦੀ ਕਹਾਣੀ ਤੋਂ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ। 

ਜਿਸ ਵਿਚ ਤਿੰਨ ਪੀੜੀਆ ਦੀਆ ਮਾਵਾਂ ਦਾ ਆਪਣੇ ਬੱਚਿਆਂ ਪ੍ਰਤੀ ਮੋਹ ਤੇ ਪਿਆਰ ਬੇ ਮਿਸਾਲ ਹੈ। ਸੈਲੀ ਪਰਿਵਾਰ ਦੀ ਮੁੱਖੀ ਉਸ਼ਾ ਰਾਣੀ 80 ਸਾਲ ਦੇ ਚਾਰ ਬੱਚੇ ਅਰੁਣ ਕੁਮਾਰ, ਨੀਰੂ ਬਾਲਾ, ਪ੍ਰਦੀਪ ਕੁਮਾਰ, ਰਜਿੰਦਰ ਕੁਮਾਰ ਹਨ, ਪਤੀ ਦੀ ਕਰੀਬ ਪੰਜ ਸਾਲ ਪਹਿਲਾ ਮੌਤ ਹੋ ਗਈ, ਪੁੱਤਰ ਪ੍ਰਦੀਪ ਕੁਮਾਰ ਤੇ ਰਜਿੰਦਰ ਕੁਮਾਰ ਵੀ ਮਾਂ ਨੂੰ ਛੱਡ ਗਏ ਪਰ ਇਸ ਮਾਂ ਨੇ ਹਾਰ ਨਹੀ ਮੰਨੀ ਏਨੇ ਵੱਡੇ ਸਦਮੇ ਦੇ ਬਾਵਜੂਦ ਪਰਿਵਾਰ ਨੂੰ ਏਕਤਾ ਦਾ ਮਾਲਾ ਵਿਚ ਪਰੋਈ ਰੱਖਿਆ ਅੱਜ ਪਰਿਵਾਰ ਇਕੱਠਾ ਰਹਿੰਦਾ ਹੈ। ਉਸ਼ਾ ਰਾਣੀ ਦੱਸਦੀ ਹੈ ਕਿ ਜਦੋ ਮਾਂ ਤੋਂ ਪੁੱਤਰ ਦੂਰ ਜਾਂਦਾ ਹੈ ਤਾਂ ਮਾਂ ਹੀ ਜਾਣ ਸਕਦੀ ਹੈ ਕਿ ਉਹ ਵਿਛੋੜਾ ਕੀ ਹੁੰਦਾ ਹੈ। ਉਹ ਕਹਿੰਦੀ ਹੈ ਕਿ ਉਸਦਾ ਪੁੱਤਰ ਤੇ ਪੋਤਰੇ ਪੋਤੀਆ, ਨੂੰਹਾਂ ਉਸਦੀ ਬਹੁਤ ਪਿਆਰ ਕਰਦੇ ਹਨ। ਹਾਂ ਸਮੇਂ ਦੇ ਬਦਲਾਅ ਨੇ ਮਾਂ ਨੂੰ ਜਰੂਰ ਬਦਲ ਦਿੱਤਾ ਹੈ ਪਰ ਮਾਂ ਦੀ ਮਮਤਾ ਨਹੀ ਬਦਲੀ। 

ਉਸ਼ਾ ਰਾਣੀ ਦੀ ਨੂੰਹ ਪੂਨਮ 50 ਸਾਲ ਪਰਿਵਾਰ ਵਿਚ ਦੂਜੀ ਪੀੜੀ ਦੀ ਮਾਂ ਹੈ ਜਿਸ ਦਾ ਇਕ ਬੇਟਾ ਤੇ ਇਕ ਬੇਟੀ ਹੈ। ਆਪਣੀ ਸੱਸ ਮਾਂ ਵਾਂਗ ਪਤੀ ਦੀ ਮੌਤ ਤੋਂ ਬਾਅਦ ਇਹ ਮਾਂ ਵੀ ਡੋਲੀ ਨਹੀ ਸਗੋ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਪਿਆਰ ਦਿੱਤਾ। ਪੂਨਮ ਕਹਿੰਦੀ ਹੈ ਕਿ ਮਾਂ ਦਾ ਬੱਚਿਆਂ ਲਈ ਪਿਆਰ ਕਦੇ ਵੀ ਘੱਟਦਾ ਨਹੀ ਚਾਹੇ ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਣ। ਤਰੁਣਾ ਇਸ ਵਾਰ ਦੀ ਤੀਜ਼ੀ ਪੀੜੀ ਦੀ ਮਾਂ ਹੈ। ਉਸਦੀ ਇਕ ਬੇਟੀ ਹੈ ਢਾਈ ਸਾਲ ਦੀ। ਤਰੁਣਾ ਕਹਿੰਦੀ ਹੈ ਸੱਸ ਮਾਂ ਤੇ ਦਾਦੀ ਸੱਸ ਮਾਂ ਤੋਂ ਮਾਂ ਵਰਗਾ ਪਿਆਰ ਹੀ ਮਿਲਿਆ ਹੈ। ਆਧੁਨਿਕ ਮਾਂ ਦੇ ਸੁਆਲ ਤੇ ਤਰੁਣਾ ਕਹਿੰਦੀ ਹੈ ਕਿ ਹਾਂ ਅਧੁਨਿਕਾ ਨੇ ਮਾਂ ਨੂੰ ਬੱਚਿਆਂ ਤੋਂ ਕੁਝ ਦੂਰ ਜਰੂਰ ਕੀਤਾ ਹੈ ਪਰ ਮਾਂ ਦੀ ਮਮਤਾ ਤਾਂ ਉਹੀ ਹੈ।