ਦਿੱਲੀ (ਦੇਵ ਇੰਦਰਜੀਤ) : ਹਰਿਆਣਾ ਦੇ ਬਹਾਦੁਰਗੜ੍ਹ 'ਚ ਤੇਜ਼ ਰਫ਼ਤਾਰ ਟਰੱਕ ਵੱਲੋਂ ਅੰਦੋਲਨਕਾਰੀ ਕਿਸਾਨ ਬੀਬੀਆਂ ਨੂੰ ਦਰੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬਹਾਦੁਰਗੜ੍ਹ ਦੇ ਫਲਾਈਓਵਰ ਹੇਠਾਂ ਝੱਜਰ ਰੋਡ 'ਤੇ ਵਾਪਰੀ। ਜਿੱਥੇ ਡਿਵਾਈਡਰ 'ਤੇ ਬੈਠੀਆਂ ਕਿਸਾਨ ਬੀਬੀਆਂ ਉੱਪਰ ਟਰੱਕ ਚੜ੍ਹ ਗਿਆ।
ਇਸ ਹਾਦਸੇ ਦੌਰਾਨ 3 ਬਜ਼ੁਰਗ ਬੀਬੀਆਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਬੀਬੀਆਂ ਘਰ ਜਾਣ ਲਈ ਆਟੋ ਦਾ ਇੰਤਜ਼ਾਰ ਕਰ ਰਹੀਆਂ ਸਨ। ਇਸ ਦੌਰਾਨ ਮੌਕੇ 'ਤੇ 2 ਕਿਸਾਨ ਬੀਬੀਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਨੇ ਹਸਪਤਾਲ 'ਚ ਦਮ ਤੋੜ ਦਿੱਤਾ।
ਸਾਰੀਆਂ ਬੀਬੀਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂ ਵਾਲੇ ਦੀਆਂ ਵਸਨੀਕ ਹਨ। ਇਹ ਕਈ ਦਿਨਾਂ ਤੋਂ ਦਿੱਲੀ ਦੇ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਲਈ ਗਈਆ ਹੋਈਆਂ ਸਨ।
ਟਿਕਰੀ ਸਰਹੱਦ ਕੋਲ ਟਰੱਕ ਨਾਲ ਕੁਚਲ ਕੇ ਤਿੰਨ ਮਹਿਲਾ ਕਿਸਾਨ ਪ੍ਰਦਰਸ਼ਨਕਾਰੀਆਂ ਦੀ ਮੌਤ ’ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,‘‘ਭਾਰਤ ਮਾਤਾ- ਦੇਸ਼ ਦੀ ਅੰਨਦਾਤਾ ਨੂੰ ਕੁਚਲਿਆ ਗਿਆ ਹੈ। ਇਹ ਬੇਰਹਿਮੀ ਅਤੇ ਨਫ਼ਰਤ ਸਾਡੇ ਦੇਸ਼ ਨੂੰ ਖੋਖਲ੍ਹਾ ਕਰ ਰਹੀ ਹੈ। ਮੇਰੀ ਸੋਗ ਹਮਦਰਦੀ।’’