ਦਿੱਲੀ (ਦੇਵ ਇੰਦਰਜੀਤ) : ਭਾਰਤ ਵਿਚ ਇਕ ਦਿਨ ਵਿਚ ਕੋਵਿਡ-19 ਦੇ 40,134 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਦੇਸ਼ ’ਚ ਪੀੜਤ ਮਰੀਜ਼ਾਂ ਦੀ ਗਿਣਤੀ 3,16,95,958 ਹੋ ਗਈ ਹੈ। ਉੱਥੇ ਹੀ ਲਗਾਤਾਰ 6ਵੇਂ ਦਿਨ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ’ਚ ਵੀ ਵਾਧਾ ਦਰਜ ਕੀਤਾ ਗਿਆ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਯਾਨੀ ਕਿ ਅੱਜ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ’ਚ ਵਾਇਰਸ ਨਾਲ 422 ਹੋਰ ਲੋਕਾਂ ਦੀ ਮੌਤ ਮਗਰੋਂ ਮਿ੍ਰਤਕਾਂ ਦੀ ਗਿਣਤੀ ਵੱਧ ਕੇ 4,24,773 ਹੋ ਗਈ ਹੈ। ਦੇਸ਼ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 4,13,718 ਹੋ ਗਈ ਹੈ, ਜੋ ਕੁੱਲ ਮਾਮਲਿਆਂ ਦਾ 1.31 ਫ਼ੀਸਦੀ ਹੈ। ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਰਾਸ਼ਟਰੀ ਦਰ 97.35 ਫ਼ੀਸਦੀ ਹੈ।
ਦੇਸ਼ ’ਚ ਹੁਣ ਤੱਕ ਕੁੱਲ 3,08,57,467 ਲੋਕ ਵਾਇਰਸ ਮੁਕਤ ਹੋ ਚੁੱਕੇ ਹਨ ਅਤੇ ਕੋਵਿਡ-19 ਨਾਲ ਮੌਤ ਦਰ 1.34 ਫ਼ੀਸਦੀ ਹੈ। ਦੇਸ਼ ਵਿਚ ਹੁਣ ਤੱਕ ਕੋਵਿਡ-19 ਰੋਕੂ ਟੀਕਿਆਂ ਦੀਆਂ ਕੁੱਲ 47.22 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ 24 ਘੰਟਿਆਂ ਵਿਚ 17,06,598 ਕੋਰੋਨਾ ਟੀਕਿਆਂ ਦੀਆਂ ਖ਼ੁਰਾਕਾਂ ਲੋਕਾਂ ਨੂੰ ਦਿੱਤੀਆਂ ਗਈਆਂ। ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਤੱਕ ਕੁੱਲ 46,96,45,494 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ’ਚੋਂ 14,28,984 ਨਮੂਨਿਆਂ ਦੀ ਜਾਂਚ ਐਤਵਾਰ ਨੂੰ ਕੀਤੀ ਗਈ ਹੈ।