ਓਂਟਾਰੀਓ (ਵਿਕਰਮ ਸਹਿਜਪਾਲ) : ਬਰਫੀਲੇ ਤੂਫਾਨ ਕਾਰਨ ਕੈਨੇਡਾ 'ਚ ਕਿਊਬਿਕ ਸੂਬੇ ਦੇ ਮਾਂਟਰੀਅਲ ਸ਼ਹਿਰ ਦਾ ਵੱਡਾ ਖੇਤਰ ਹਨੇਰੇ 'ਚ ਡੁੱਬ ਗਿਆ। ਬਰਫੀਲੇ ਤੂਫਾਨ ਕਾਰਨ ਮਾਂਟਰੀਅਲ ਦੇ ਕਰੀਬ 2.5 ਲੱਖ ਘਰ ਹਨੇਰੇ 'ਚ ਹਨ। ਹਾਈਡ੍ਰੋ-ਕਿਊਬਿਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਬਰਫੀਲੇ ਤੁਫਾਨ ਕਾਰਨ ਸਭ ਤੋਂ ਵਧ ਲਾਵਾਲ ਇਲਾਕਾ ਪ੍ਰਭਾਵਿਤ ਹੋਇਆ ਹੈ।
ਹਾਈਡ੍ਰੋ-ਕਿਊਬਿਕ ਦਾ ਕਹਿਣਾ ਹੈ ਕਿ ਬਰਫੀਲੇ ਤੂਫਾਨ ਕਾਰਨ ਬਿਜਲੀ ਸਪਲਾਈ 'ਚ ਰੁਕਾਵਟ ਸੋਮਵਾਰ ਤੋਂ ਪੈਦਾ ਹੋਈ ਹੈ। ਵਿਭਾਗ ਨੇ ਕਿਹਾ ਕਿ ਇਸ ਕਾਰਨ ਸਭ ਤੋਂ ਜ਼ਿਆਦਾ ਮਾਂਟਰੀਅਲ ਦੀ ਲਾਵਾਲ ਇਲਾਕਾ ਹੋਇਆ ਹੈ, ਜਿਥੇ ਕਿ 40 ਫੀਸਦੀ ਲੋਕਾਂ ਦੇ ਘਰਾਂ ਦੀ ਬਿਜਲੀ ਅਜੇ ਵੀ ਬੰਦ ਹੈ।
ਲਾਵਾਲ ਦੇ ਅਧਿਕਾਰੀਆਂ ਨੇ ਨਿਵਾਸੀਆਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ ਕਿਉਂਕਿ ਪੰਜ ਵਿਅਕਤੀਆਂ ਨੂੰ ਦੋ ਵੱਖ-ਵੱਖ ਘਟਨਾਵਾਂ ਤਹਿਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਕ ਘਟਨਾ 'ਚ ਘਰ ਦੇ ਅੰਦਰ ਬਾਰਬੀਕਿਊ ਦੀ ਵਰਤੋਂ ਕੀਤੀ ਗਈ, ਜਿਸ ਤੋਂ ਬਾਅਦ ਦੋ ਬਾਲਗਾਂ ਅਤੇ ਦੋ ਬੱਚਿਆਂ (13 ਅਤੇ 11) ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਦੂਜੀ ਘਟਨਾ 'ਚ ਇਕ ਪੁਰਸ਼ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਫਾਇਰ ਫਾਈਟਰ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਦੋਵਾਂ ਘਰਾਂ 'ਚ ਕਾਰਬਨ ਮੋਨੋਅਕਸਾਈਡ ਦੀ ਮਾਤਰਾ ਵਧ ਗਈ ਸੀ। ਬਿਜਲੀ ਦੀ ਘਾਟ ਕਾਰਨ ਕਈ ਸਕੂਲਾਂ ਨੂੰ ਬੰਦ ਰੱਖਿਆ ਗਿਆ ਹੈ। ਹਾਈਡ੍ਰੋ-ਕਿਊਬਿਕ ਦਾ ਕਹਿਣਾ ਹੈ ਕਿ ਮੁਲਾਜ਼ਮ ਬਿਜਲੀ ਸਪਲਾਈ ਨੂੰ ਜਲਦ ਦਰੁਸਤ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ।