ਅਮਰੀਕਾ ਨੇ ਮਈ ‘ਚ ਹਿਰਾਸਤ ਵਿਚ ਲਏ 1.44 ਲੱਖ ਤੋਂ ਜ਼ਿਆਦਾ ਸ਼ਰਨਾਰਥੀ

by mediateam

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਮੈਕਸੀਕੋ ਰਸਤੇ ਅਮਰੀਕਾ ਵਿਚ ਨਾਜਾਇਜ਼ ਤੌਰ 'ਤੇ ਦਾਖਲ ਹੋਣ ਦਾ ਯਤਨ ਕਰਨ ਵਾਲੇ ਮੱਧ ਅਮਰੀਕੀ ਸ਼ਰਨਾਰਥੀਆਂ ਦੀ ਗਿਣਤੀ ਵਿਚ ਭਾਰੀ ਇਜ਼ਾਫ਼ਾ ਹੋਇਆ ਹੈ। ਅਮਰੀਕਾ ਨੇ ਮਈ ਵਿਚ 1.44 ਲੱਖ ਤੋਂ ਜ਼ਿਆਦਾ ਸ਼ਰਨਾਰਥੀਆਂ ਨੂੰ ਹਿਰਾਸਤ ਵਿਚ ਲਿਆ। ਅਮਰੀਕੀ ਅਧਿਕਾਰੀਆਂ ਅਨੁਸਾਰ ਮੈਕਸੀਕੋ ਨਾਲ ਲੱਗਦੀ ਸਰਹੱਦ 'ਤੇ ਸ਼ਰਨਾਰਥੀਆਂ ਦੇ ਫੜੇ ਜਾਣ ਦੇ ਮਾਮਲੇ ਅਪ੍ਰੈਲ ਦੀ ਤੁਲਨਾ ਵਿਚ ਮਈ ਵਿਚ 32 ਫ਼ੀਸਦੀ ਵੱਧ ਗਏ। ਸਾਲ 2006 ਤੋਂ ਕਿਸੇ ਇਕ ਮਹੀਨੇ ਵਿਚ ਇਹ ਸਭ ਤੋਂ ਜ਼ਿਆਦਾ ਅੰਕੜਾ ਦੱਸਿਆ ਜਾ ਰਿਹਾ ਹੈ।

ਫੜੇ ਗਏ ਸ਼ਰਨਾਰਥੀਆਂ 'ਚ ਸਭ ਤੋਂ ਜ਼ਿਆਦਾ ਉਹ ਲੋਕ ਹਨ ਜੋ ਨਾਜਾਇਜ਼ ਤੌਰ 'ਤੇ ਸਰਹੱਦ ਪਾਰ ਕਰ ਰਹੇ ਸਨ। ਕਰੀਬ 10 ਫ਼ੀਸਦੀ ਲੋਕ ਅਜਿਹੇ ਸਨ ਜੋ ਸਹੀ ਕਾਗਜ਼ਾਤ ਦੇ ਬਿਨਾਂ ਆਏ ਸਨ। ਮੰਨਿਆ ਜਾ ਰਿਹਾ ਹੈ ਕਿ ਹਿਰਾਸਤ ਵਿਚ ਲਏ ਗਏ ਲੋਕਾਂ ਦਾ ਅੰਕੜਾ ਮੈਕਸੀਕੋ ਸਰਕਾਰ 'ਤੇ ਇਹ ਦਬਾਅ ਬਣਾਉਣ ਲਈ ਜਾਰੀ ਕੀਤਾ ਗਿਆ ਹੈ ਕਿ ਉਹ ਟਰੰਪ ਦੀ ਸ਼ਰਨਾਰਥੀਆਂ ਨੂੰ ਰੋਕਣ ਵਾਲੀ ਮੰਗ ਨੂੰ ਛੇਤੀ ਪੂਰਾ ਕਰੇ। 

ਇਸੇ ਕਵਾਇਦ ਵਿਚ ਵ੍ਹਾਈਟ ਹਾਊਸ ਵਿਚ ਉਪ ਰਾਸ਼ਟਰਪਤੀ ਮਾਈਕ ਪੈਂਸ ਅਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਨੇ ਬੁੱਧਵਾਰ ਨੂੰ ਮੈਕਸੀਕੋ ਦੇ ਉੱਚ ਡਿਪਲੋਮੈਟਾਂ ਨਾਲ ਗੱਲਬਾਤ ਕੀਤੀ।