ਸਤਿਸੰਗ ਦੌਰਾਨ ਭਗਦੜ ਕਾਰਨ 120 ਤੋਂ ਵੱਧ ਮੌਤਾਂ !

by vikramsehajpal

ਹਾਥਰਸ (ਸਾਹਿਬ) - ਹਾਥਰਸ ਜ਼ਿਲ੍ਹੇ ਦੇ ਪੁਲਰਾਈ ਪਿੰਡ ’ਚ ਭੋਲੇ ਬਾਬਾ ਦੇ ਸਤਿਸੰਗ ਦੌਰਾਨ ਭਗਦੜ ਮੱਚਣ ਕਾਰਨ 120 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਮਾਗਮ ਮੌਕੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋਏ ਸਨ। ਮ੍ਰਿਤਕਾਂ ਵਿਚ ਬਹੁਗਿਣਤੀ ਔਰਤਾਂ ਦੀ ਹੈ ਤੇ ਜ਼ਿਆਦਾਤਰ ਮੌਤਾਂ ਸਾਹ ਘੁੱਟਣ ਕਰਕੇ ਹੋਈਆਂ। ਏਟਾ ਦੇ ਐੱਸ.ਐੱਸ.ਪੀ. ਰਾਜੇਸ਼ ਕੁਮਾਰ ਸਿੰਘ ਨੇ ਕਿਹਾ ਕਿ ਏਟਾ ਹਸਪਤਾਲ ’ਚ 27 ਲਾਸ਼ਾਂ ਲਿਆਂਦੀਆਂ ਗਈਆਂ ਹਨ। ਮ੍ਰਿਤਕਾਂ ’ਚ 23 ਔਰਤਾਂ, 3 ਬੱਚੇ ਅਤੇ ਇੱਕ ਪੁਰਸ਼ ਸ਼ਾਮਲ ਹੈ।

ਹਾਲਾਂਕਿ ਅਧਿਕਾਰੀ ਨੇ ਬਾਅਦ ’ਚ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਘਟਨਾ ’ਚ 50 ਤੋਂ 60 ਵਿਅਕਤੀ ਮਾਰੇ ਗਏ। ਮੌਕੇ ਦੀ ਗਵਾਹ ਸ਼ਕੁੰਤਲਾ ਦੇਵੀ ਨੇ ਕਿਹਾ ਕਿ ਭਗਦੜ ਦੀ ਘਟਨਾ ਸਤਿਸੰਗ ਖਤਮ ਹੋਣ ਮਗਰੋਂ ਲੋਕਾਂ ਵੱਲੋਂ ਉਥੋਂ ਕਾਹਲੀ ਨਾਲ ਇੱਕ ਦੂਜੇ ਤੋਂ ਪਹਿਲਾਂ ਨਿਕਲਣ ਦੇ ਚੱਕਰ ’ਚ ਵਾਪਰੀ, ਜਿਥੇ ਲੋਕ ਇਕ ਦੂਜੇ ’ਤੇ ਡਿੱਗ ਗਏ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਆਗਰਾ ਦੇ ਏਡੀਜੀਪੀ ਅਤੇ ਅਲੀਗੜ੍ਹ ਦੇ ਡਿਵੀਜ਼ਨਲ ਕਮਿਸ਼ਨਰ ਦੀ ਸ਼ਮੂਲੀਅਤ ਵਾਲੀ ਟੀਮ ਘਟਨਾ ਦੀ ਜਾਂਚ ਕਰਕੇ 24 ਘੰਟਿਆਂ ਅੰਦਰ ਰਿਪੋਰਟ ਸੌਂਪੇਗੀ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਸਤਿਸੰਗ ਕਰਵਾਉਣ ਵਾਲੇ ਪ੍ਰਬੰਧਕਾਂ ਖਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨੂੰ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਲਈ ਤੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।