ਉਨਟਾਰੀਓ (ਦੇਵ ਇੰਦਰਜੀਤ) : ਹੈਮਿਲਟਨ ਸਥਿਤ ਰਿਹਾਇਸ਼ੀ ਬਿਲਡਿੰਗ ਵਿੱਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ। ਪ੍ਰਾਪਤ ਡਾਟਾ ਅਨੁਸਾਰ 235 ਰੇਬੈਕਾ ਸਟਰੀਟ ਉੱਤੇ ਸਥਿਤ ਰੇਬੈਕਾ ਟਾਵਰਜ਼ ਤੋਂ ਕੋਵਿਡ-19 ਦੇ 107 ਮਾਮਲੇ ਮਿਲਣ ਦੀ ਪੁਸ਼ਟੀ ਹੋਈ ਹੈ।
ਇਸ ਬਿਲਡਿੰਗ ਵਿੱਚ ਕੋਵਿਡ-19 ਕਾਰਨ ਇੱਕ ਮੌਤ ਵੀ ਹੋਈ ਦੱਸੀ ਜਾਂਦੀ ਹੈ। ਸੱਭ ਤੋਂ ਪਹਿਲਾਂ 3 ਮਈ ਨੂੰ ਆਊਟਬ੍ਰੇਕ ਐਲਾਨੀ ਗਈ। ਇੱਕ ਇੰਟਰਵਿਊ ਵਿੱਚ ਮੇਅਰ ਫਰੈਡ ਏਸਨਬਰਗਰ ਨੇ ਆਖਿਆ ਕਿ ਉਨ੍ਹਾਂ ਲਈ ਰੈਜ਼ੀਡੈਂਟਸ ਦੀ ਸੇਫਟੀ ਮੁੱਖ ਮੁੱਦਾ ਬਣਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਉਹ ਪਬਲਿਕ ਹੈਲਥ ਮਾਪਦੰਡਾਂ ਨੂੰ ਹੋਰ ਪੁਖ਼ਤਾ ਕਰਨ ਲਈ ਪ੍ਰਾਪਰਟੀ ਮੈਨੇਜਮੈਂਟ ਨਾਲ ਰਲ ਕੇ ਕੰਮ ਕਰ ਰਹੇ ਹਨ।
ਏਸਨਬਰਗਰ ਅਨੁਸਾਰ ਰੈਜ਼ੀਡੈਂਟਸ ਦੇ ਕੋਵਿਡ-19 ਟੈਸਟ ਕਰਨ ਤੇ ਯੋਗ ਲੋਕਾਂ ਲਈ ਵੈਕਸੀਨੇਸ਼ਨ ਅਪੁਆਇੰਟਮੈਂਟਸ ਬੁੱਕ ਕਰਨ ਲਈ ਹੈਮਿਲਟਨ ਪੈਰਾਮੈਡਿਕਸ ਨੂੰ ਵੀ ਸੱਦਿਆ ਗਿਆ ਹੈ। ਮੰਗਲਵਾਰ ਨੂੰ ਹੀ ਸਿਟੀ ਵਿੱਚ ਦੋ ਹੋਰ ਅਪਾਰਟਮੈਂਟ ਆਊਟਬ੍ਰੇਕਸ ਐਲਾਨੀਆਂ ਗਈਆਂ। 151 ਕੁਈਨ ਸਟਰੀਟ ਨੌਰਥ ਉੱਤੇ ਸਥਿਤ ਦ ਵਿਲੇਂ ਅਪਾਰਟਮੈਂਟਸ ਵਿੱਚ ਕੋਵਿਡ-19 ਦੇ 29 ਮਾਮਲੇ ਜਦਕਿ 125 ਵੈਲਿੰਗਟਨ ਸਟਰੀਟ ਤੇ 50 ਕਾਰਹਾਰਟ ਸਟਰੀਟ ਉੱਤੇ ਵੈਲਿੰਗਟਨ ਪਲੇਸ ਅਪਾਰਟਮੈਂਟਸ ਉੱਤੇ ਕੋਵਿਡ-19 ਦੇ 22 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਮੰਗਲਵਾਰ ਨੂੰ ਹੈਮਿਲਟਨ ਵਿੱਚ 92 ਨਵੇਂ ਮਾਮਲੇ ਰਿਪੋਰਟ ਕੀਤੇ ਗਏ।