ਨਵੀਂ ਦਿੱਲੀ (ਸਾਹਿਬ) - ਲਾਗੇ ਦੇ ਦੇਸ਼ਾਂ 'ਚ ਮੌਂਕੀ ਪੋਕਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਇਕ ਤੋਂ ਬਾਅਦ ਇਕ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਸਰਹੱਦਾਂ 'ਤੇ ਨਿਗਰਾਨੀ ਵਧਾਉਣ ਦੇ ਨਾਲ-ਨਾਲ ਸਾਰੇ ਰਾਜਾਂ ਦੇ ਹਸਪਤਾਲਾਂ ਨੂੰ ਬੈੱਡ ਰਾਖਵੇਂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਇਸ ਸਿਲਸਿਲੇ ਵਿੱਚ ਦਿੱਲੀ ਦੇ ਛੇ ਹਸਪਤਾਲਾਂ ਵਿੱਚ ਮੌਂਕੀ ਪੋਕਸ ਦੇ ਇਲਾਜ ਲਈ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਤਿੰਨ ਹਸਪਤਾਲ ਸਫਦਰਜੰਗ, ਆਰਐਮਐਲ ਅਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਮੌਂਕੀ ਪੋਕ ਦੇ ਇਲਾਜ ਲਈ ਰਾਖਵੇਂ ਰੱਖੇ ਗਏ ਸਨ। ਪਰ ਸ਼ਾਮ ਤੱਕ ਇਨ੍ਹਾਂ ਹਸਪਤਾਲਾਂ ਦੀ ਗਿਣਤੀ 6 ਹੋ ਗਈ। ਜਿਸ ਵਿੱਚ ਏਮਜ਼, ਸਫਦਰਜੰਗ, ਕੇਂਦਰ ਸਰਕਾਰ ਦੇ ਅਧੀਨ ਆਰਐਮਐਲ ਹਸਪਤਾਲ ਅਤੇ ਦਿੱਲੀ ਸਰਕਾਰ ਦੇ ਲੋਕਨਾਇਕ, ਜੀਟੀਬੀ ਅਤੇ ਅੰਬੇਡਕਰ ਹਸਪਤਾਲ ਸ਼ਾਮਲ ਹਨ।
ਲੇਡੀ ਹਾਰਡਿੰਗ ਹੁਣ ਇਸ ਸੂਚੀ ਵਿੱਚ ਸ਼ਾਮਲ ਨਹੀਂ ਹੈ। ਦਿੱਲੀ ਸਰਕਾਰ ਦੇ ਸਿਹਤ ਵਿਭਾਗ ਨੇ ਇਨ੍ਹਾਂ ਤਿੰਨਾਂ ਹਸਪਤਾਲਾਂ ਵਿੱਚ ਆਈਸੋਲੇਸ਼ਨ ਵਾਰਡ ਬਣਾ ਕੇ ਕੁੱਲ 40 ਬੈੱਡ ਰਾਖਵੇਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੂਜੇ ਪਾਸੇ ਏਮਜ਼ ਨੇ ਐਮਰਜੈਂਸੀ ਵਿੱਚ ਮੌਂਕੀ ਪੋਕਸ ਦੇ ਮਰੀਜ਼ਾਂ ਦੀ ਸਕ੍ਰੀਨਿੰਗ ਅਤੇ ਇਲਾਜ ਲਈ ਓਪਰੇਟਿੰਗ ਸਟੈਂਡਰਡ ਪ੍ਰੋਸੀਜਰ (SOP) ਜਾਰੀ ਕੀਤਾ ਹੈ। ਨਾਲ ਹੀ ਹਸਪਤਾਲ ਦੇ ਏਬੀ-7 ਵਾਰਡ ਵਿੱਚ ਪੰਜ ਬੈੱਡ ਰਾਖਵੇਂ ਰੱਖੇ ਗਏ ਹਨ। ਜਿੱਥੇ ਮੌਂਕੀ ਪੋਕਸ ਦੇ ਲੱਛਣਾਂ ਵਾਲੇ ਸ਼ੱਕੀ ਮਰੀਜ਼ਾਂ ਨੂੰ ਦਾਖਲ ਕਰਵਾਇਆ ਜਾਵੇਗਾ। ਓਥੇ ਹੀ ਏਮਜ਼ ਵੱਲੋਂ ਜਾਰੀ ਐਸਓਪੀ ਵਿੱਚ ਕਿਹਾ ਗਿਆ ਹੈ ਕਿ ਸਫਦਰਜੰਗ ਹਸਪਤਾਲ ਨੂੰ ਰੈਫਰਲ ਹਸਪਤਾਲ ਬਣਾਇਆ ਗਿਆ ਹੈ।
ਜੇਕਰ ਟੈਸਟ ਵਿੱਚ ਮੌਂਕੀ ਪੋਕਸ ਦੀ ਪੁਸ਼ਟੀ ਹੁੰਦੀ ਹੈ ਤਾਂ ਮਰੀਜ਼ ਨੂੰ ਸਫਦਰਜੰਗ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਮੌਂਕੀ ਪੋਕਸ ਦੇ ਲੱਛਣਾਂ ਦੇ ਨਾਲ ਐਮਰਜੈਂਸੀ ਵਿੱਚ ਪਹੁੰਚਣ ਵਾਲੇ ਮਰੀਜ਼ਾਂ ਦੀ ਦੂਜੇ ਮਰੀਜ਼ਾਂ ਤੋਂ ਵੱਖਰੇ ਤੌਰ 'ਤੇ ਜਾਂਚ ਕੀਤੀ ਜਾਵੇਗੀ ਅਤੇ AB-7 ਵਾਰਡ ਵਿੱਚ ਰਾਖਵੇਂ ਬੈੱਡਾਂ 'ਤੇ ਦਾਖਲ ਕੀਤਾ ਜਾਵੇਗਾ। ਸ਼ੱਕੀ ਮਰੀਜ਼ਾਂ ਦੀ ਸਕਰੀਨਿੰਗ ਅਤੇ ਇਲਾਜ ਕਰਨ ਵਾਲੇ ਡਾਕਟਰ ਅਤੇ ਨਰਸਿੰਗ ਸਟਾਫ ਪੀਪੀਈ ਕਿੱਟਾਂ ਦੀ ਵਰਤੋਂ ਕਰਨਗੇ ਅਤੇ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪੂਰੀ ਜਾਣਕਾਰੀ ਲਈ ਜਾਵੇਗੀ।