ਮੋਹਾਲੀ (ਦੇਵ ਇੰਦਰਜੀਤ) : ਮੋਹਾਲੀ ਵਿਚ ਕੋਵਿਡ ਦੇ ਮੌਜੂਦਾ ਹਾਲਾਤ ਨੂੰ ਵੇਖਦਿਆਂ ਜ਼ਿਲ੍ਹੇ ਵਿਚ ਕੋਵਿਡ ਦੀ ਪਾਜ਼ੇਟੀਵਿਟੀ ਦਰ 0.2 ਫ਼ੀਸਦੀ ਤੋਂ ਜ਼ਿਆਦਾ ਆਉਣ ਕਾਰਨ ਸਾਰੇ ਹੀ ਸਕੂਲਾਂ ਵਿੱਚ ਚੌਥੀ ਤੱਕ ਦੀਆਂ ਜਮਾਤਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਜਦੋਂ ਸਕੂਲ ਖੋਲ੍ਹੇ ਗਏ ਸਨ ਤਾਂ ਆਪਣੇ ਹੁਕਮਾਂ ਵਿੱਚ ਕੁੱਝ ਸ਼ਰਤਾਂ ਲਾਈਆਂ ਗਈਆਂ ਸਨ, ਜਿਨ੍ਹਾਂ ਸ਼ਰਤਾਂ ਦੇ ਤਹਿਤ ਸਕੂਲ ਖੋਲ੍ਹੇ ਜਾਣੇ ਸਨ।
ਬੀਤੀ ਸ਼ਾਮ ਸਾਰੇ ਹਾਲਾਤ ਦਾ ਰੀਵਿਊ ਕੀਤਾ ਸੀ। ਇਸ ਦੌਰਾਨ ਪਾਇਆ ਗਿਆ ਹੈ ਕਿ ਅਜੇ ਵੀ ਪਾਜ਼ੇਟੀਵਿਟੀ ਦਰ 0.2 ਫ਼ੀਸਦੀ ਤੋਂ ਜ਼ਿਆਦਾ ਹੈ। ਇਸ ਲਈ ਅਜੇ ਜ਼ਿਲ੍ਹੇ ਵਿਚ ਚੌਥੀ ਜਮਾਤ ਤੱਕ ਦੀਆਂ ਜਮਾਤਾਂ ਪੜ੍ਹਾਈ ਲਈ ਖੋਲ੍ਹਣ ਸੰਬਧੀ ਹੁਕਮ ਜਾਰੀ ਨਹੀਂ ਕੀਤੇ ਜਾ ਸਕਦੇ।
ਅਗਲੇ ਹਫ਼ਤੇ ਦੁਬਾਰਾ ਰੀਵਿਊ ਕੀਤਾ ਜਾਵੇਗਾ ਅਤੇ ਉਸੇ ਅਨੁਸਾਰ ਹੀ ਨਵੇਂ ਹੁਕਮ ਜਾਰੀ ਹੋਣਗੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਹ ਹੁਕਮ ਜ਼ਿਲ੍ਹੇ ਦੇ ਸਾਰੇ ਹੀ ਸਰਕਾਰੀ ਅਤੇ ਨਿੱਜੀ ਸਕੂਲਾਂ 'ਤੇ ਲਾਗੂ ਹੋਣਗੇ।