ਯੂਕਰੇਨ (ਸਾਹਿਬ) : ਜੰਗ ਪ੍ਰਭਾਵਿਤ ਦੇਸ਼ ਯੂਕਰੇਨ ਦੇ ਇਤਿਹਾਸਕ ਦੌਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਅੱਜ ਰਾਜਧਾਨੀ ਕੀਵ ਪਹੁੰਚੇ। ਇਥੇ ਸ੍ਰੀ ਮੋਦੀ ਦਾ ਭਰਵਾਂ ਸੁਆਗਤ ਕੀਤਾ ਗਿਆ। ਉਨ੍ਹਾਂ ਇਥੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ ਤੇ ਦੋਵੇਂ ਯੂਕਰੇਨ ਦੇ ਕੌਮੀ ਅਜਾਇਬ ਘਰ ਪਹੁੰਚੇ। ਇਸ ਮੁਲਾਕਾਤ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ‘ਚ ਦੋਵੇਂ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ।
ਇਸ ਦੌਰਾਨ ਭਾਰਤ ਅਤੇ ਯੂਕਰੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਖੇਤੀਬਾੜੀ, ਸਿਹਤ, ਸੱਭਿਆਚਾਰ ਅਤੇ ਮਾਨਵਤਾਵਾਦੀ ਸਹਾਇਤਾ ਲਈ ਚਾਰ ਸਮਝੌਤਿਆਂ ‘ਤੇ ਦਸਤਖਤ ਕੀਤੇ। ਦੱਸ ਦਈਏ ਕਿ ਇਸ ਫੇਰੀ ਦੌਰਾਨ ਸ੍ਰੀ ਮੋਦੀ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਵਿਚਾਲੇ ਵਿਵਾਦ ਦੇ ਸ਼ਾਂਤੀਪੂਰਨ ਹੱਲ ‘ਤੇ ਚਰਚਾ ਹੋਣ ਦੀ ਉਮੀਦ ਹੈ। ਸ੍ਰੀ ਮੋਦੀ ਰਾਸ਼ਟਰਪਤੀ ਜ਼ੇਲੈਂਸਕੀ ਦੇ ਸੱਦੇ ‘ਤੇ ਯੂਕਰੇਨ ਆਏ ਹਨ।
ਪ੍ਰਧਾਨ ਮੰਤਰੀ ਨੇ ਕੀਵ ਦੀ ਆਪਣੀ ਯਾਤਰਾ ਤੋਂ ਲਗਪਗ ਛੇ ਹਫ਼ਤੇ ਪਹਿਲਾਂ ਰੂਸ ਦਾ ਦੌਰਾ ਕੀਤਾ ਸੀ, ਜਿਸ ਲਈ ਅਮਰੀਕਾ ਅਤੇ ਉਸ ਦੇ ਕੁਝ ਪੱਛਮੀ ਸਹਿਯੋਗੀਆਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ ਸੀ।