ਥਾਣਾ ਸੁਭਾਨਪੁਰ ਕਪੂਰਥਲਾ ਵਿਖੇ ਦਰਜ ਕੇਸ ਵਿੱਚ ਅੱਜ ਭੁਲੱਥ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਦੀ ਸੁਣਵਾਈ ਮਾਣਯੋਗ ਅਦਾਲਤ ਵਿੱਚ ਹੋਣੀ ਸੀ ਪਰ ਥਾਣਾ ਸੁਭਾਨਪੁਰ ਵੱਲੋਂ ਰਿਕਾਰਡ ਪੇਸ਼ ਨਾ ਕੀਤੇ ਜਾਣ ਕਾਰਨ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਨਹੀਂ ਹੋ ਸਕੀ, ਜਿਸ ਕਾਰਨ ਖਹਿਰਾ ਦੀ ਸੁਣਵਾਈ ਅੱਜ ਫਿਰ ਮੁਲਤਵੀ ਕਰ ਦਿੱਤੀ ਗਈ, ਹੁਣ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ।
ਇਸ ਤੋਂ ਪਹਿਲਾਂ 6 ਜਨਵਰੀ ਨੂੰ ਵੀ ਪੁਲਿਸ ਵੱਲੋਂ ਰਿਕਾਰਡ ਪੇਸ਼ ਨਾ ਕਰਨ ਕਰਕੇ ਸੁਣਵਾਈ ਅੱਜ 9 ਜਨਵਰੀ ਤੱਕ ਟਾਲ ਦਿੱਤੀ ਗਈ ਸੀ। ਜੱਜ ਸੁਪ੍ਰੀਤ ਕੌਰ ਦੀ ਅਦਾਲਤ ਨੇ ਬੀਤੀ 5 ਜਨਵਰੀ ਨੂੰ ਖਹਿਰਾ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਇਸ ਤੋਂ ਬਾਅਦ ਸੁਖਪਾਲ ਖਹਿਰਾ ਨੂੰ ਨਾਭਾ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਦੇ ਵਕੀਲ ਨੇ ਸ਼ੁੱਕਰਵਾਰ ਸ਼ਾਮ ਨੂੰ ਹੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਪੁਲਸ ਨੂੰ ਸ਼ਨੀਵਾਰ ਨੂੰ ਰਿਕਾਰਡ ਪੇਸ਼ ਕਰਨ ਲਈ ਕਿਹਾ ਗਿਆ। ਇਸ ਦੀ ਪੁਸ਼ਟੀ ਵਕੀਲ ਕੰਵਲਜੀਤ ਸਿੰਘ ਨੇ ਕੀਤੀ ਹੈ।