ਸਮੁੰਦਰ ‘ਚ ਉੱਤਰੀ ਕੋਰੀਆ ਵੱਲੋਂ ਦਾਗੀਆਂ ਗਈਆ ਮਿਜ਼ਾਈਲਾਂ

by mediateam

ਸਿਓਲ (ਵਿਕਰਮ ਸਹਿਜਪਾਲ) : ਉੱਤਰੀ ਕੋਰੀਆ ਵੱਲੋਂ ਇੱਕ ਵਾਰ ਫ਼ਿਰ ਤੋਂ ਘੱਟ ਦੂਰੀ ਤੱਕ ਮਾਰ ਕਰਨ ਵਾਲੀਆਂ ਦੋ ਮਿਜ਼ਾਇਲਾਂ ਸਮੁੰਦਰ 'ਚ ਦਾਗੀਆਂ ਗਈਆ ਹਨ। ਉੱਤਰੀ ਕੋਰੀਆ ਵੱਲੋਂ ਦਾਗੀਆਂ ਗਈਆਂ ਇਹ ਮਿਜ਼ਾਈਲਾਂ ਪੂਰਬੀ ਤੱਟੀ ਸ਼ਹਿਰ ਵਾਨਸਾਨ ਦੇ ਨੇੜਿਓਂ ਪੂਰਬੀ ਸਾਗਰ ਜਾਂ ਜਾਪਾਨ ਸਾਗਰ ਵੱਲੋਂ ਦਾਗੀਆਂ ਗਈਆਂ ਸਨ। ਇਕ ਮਿਜ਼ਾਈਲ 430 ਕਿਲੋਮੀਟਰ ਤੇ ਦੂਜੀ 690 ਕਿਲੋਮੀਟਰ ਦੂਰ ਤਕ ਗਈ। ਜਿਸ ਤੋਂ ਬਾਅਦ ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਦੀ ਤਰਜਮਾਨ ਚੋਈ ਹੂਨ-ਸੂ ਨੇ ਕਿਹਾ, 'ਅਸੀਂ ਉੱਤਰੀ ਕੋਰੀਆ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਦੇ ਕਾਰੇ ਬੰਦ ਕਰ ਦੇਵੇ। 

ਇਸ ਨਾਲ ਸੈਨਿਕ ਤਣਾਅ ਦੂਰ ਕਰਨ 'ਚ ਮਦਦ ਨਹੀਂ ਮਿਲੇਗੀ।' ਜਦਕਿ ਜਾਪਾਨ ਦੇ ਰੱਖਿਆ ਮੰਤਰਾਲੇ ਨੇ ਉੱਤਰੀ ਕੋਰੀਆ ਦੇ ਕਦਮ 'ਤੇ ਅਫਸੋਸ ਪ੍ਰਗਟਾਇਆ ਹੈ ਤੇ ਕਿਹਾ ਕਿ ਮਿਜ਼ਾਈਲਾਂ ਉਨ੍ਹਾਂ ਦੇ ਦੇਸ਼ ਦੇ ਆਰਥਿਕ ਜ਼ੋਨ ਤੋਂ ਪਹਿਲਾਂ ਹੀ ਡਿੱਗ ਗਈਆਂ ਸਨ।ਉੱਤਰੀ ਕੋਰੀਆ ਦੇ ਇਸ ਕਦਮ ਨਾਲ ਅਮਰੀਕਾ ਨਾਲ ਪਰਮਾਣੂ ਵਾਰਤਾ ਬਹਾਲ ਹੋਣ 'ਤੇ ਮੁਸੀਬਤ ਛਾ ਗਈ ਹੈ। 

ਦੱਸਦਈਏ ਕਿ ਪਿਛਲੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉੱਤਰੀ ਕੋਰੀਆ ਦੇ ਸਰਬਉੱਚ ਆਗੂ ਕਿਮ ਜੋਂਗ ਉਨ ਨੇ ਕੋਰੀਆਈ ਸਰਹੱਦ 'ਤੇ ਮੁਲਾਕਾਤ ਕੀਤੀ ਸੀ। ਜਾਣਕਾਰੀ ਅਨੁਸਾਰ ਅਮਰੀਕਾ ਤੇ ਦੱਖਣੀ ਕੋਰੀਆ ਵਿਚਕਾਰ ਪ੍ਰਸਤਾਵਿਤ ਸਾਂਝੀ ਜੰਗੀ ਮਸ਼ਕ 'ਤੇ ਨਾਰਾਜ਼ਗੀ ਜਾਹਿਰ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ।