ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਅੱਜ ਕਾਂਗਰਸ ਅੰਦਰ ਛਿੜੀ ਜੰਗ ਨੂੰ ਲੈ ਕੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਜਾਖੜ ਜੋ ਕਿ ਇਕ ਸੁਲਝੇ ਹੋਏ ਸਿਆਸਤਦਾਨ ਵਜੋਂ ਮੰਨੇ ਜਾਂਦੇ ਹਨ, ਨੇ ਕਾਂਗਰਸ ਦੇ ਅੰਦਰ ਬਣ ਰਹੀ ਸਥਿਤੀ ਨੂੰ ਲੈ ਕੇ ਇਤਕ ਟਵੀਟ ਰਾਹੀਂ ਆਪਣੇ ਵਿਚਾਰਾਂ ਨੂੰ ਵਿਅੰਗ ਦਾ ਰੂਪ ਦਿੱਤਾ ਹੈ।
ਆਪਣੇ ਟਵੀਟ ’ਚ ਜਾਖੜ ਨੇ ਲਿਖਿਆ ਹੈ ਕਿ ‘ਗਲੀਆਂ ਹੋ ਜਾਣ ਸੁੰਨੀਆਂ ਤੇ ਵਿਚ ਮਿਰਜ਼ਾ ਯਾਰ ਫਿਰੇ’।
ਜਾਖੜ ਨੇ ਆਪਣੇ ਟਵੀਟ ਦੇ ਹੇਠਾਂ ਇਹ ਵੀ ਲਿਖਿਆ ਹੈ ਕਿ ਜਿਸ ਨੂੰ ਇਸ ਟਵੀਟ ਦਾ ਅਰਥ ਸਮਝ ਨਾ ਆਵੇ ਤਾਂ ਇਹ ਟਵੀਟ ਉਨ੍ਹਾਂ ਲਈ ਨਹੀਂ ਹੈ। ਜਾਖੜ ਨੇ ਟਵੀਟ ਰਾਹੀਂ ਇਸ਼ਾਰਿਆਂ ਹੀ ਇਸ਼ਾਰਿਆਂ ’ਚ ਕਾਂਗਰਸ ਨੂੰ ਚਿਤਾਵਨੀ ਵੀ ਦੇ ਦਿੱਤੀ ਹੈ ਕਿ ਉਹ ਆਪਣੀ ਲੜਾਈ ਨੂੰ ਬੰਦ ਕਰਨ ਅਤੇ ਚੋਣਾਂ ਵੱਲ ਧਿਆਨ ਦੇਣ ਕਿਉਂਕਿ ਜੇ ਇੰਝ ਹੀ ਉਹ ਆਪਸ ’ਚ ਲੜਦੇ ਰਹਿੰਦੇ ਹਨ ਤਾਂ ਫਿਰ ਗਲੀਆਂ ਸੁੰਨਸਾਨ ਹੋਣ ’ਚ ਜ਼ਿਆਦਾ ਸਮਾਂ ਨਹੀਂ ਲੱਗੇਗਾ।
ਸਮੇਂ-ਸਮੇਂ ’ਤੇ ਟਵੀਟ ਕਰਕੇ ਪਾਰਟੀ ਲੀਡਰਸ਼ਿਪ ਨੂੰ ਵੀ ਪੰਜਾਬ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਸਲਾਹ ਦਿੱਤੀ ਹੈ। ਜਾਖੜ ਨੂੰ ਉਨ੍ਹਾਂ ਨੇਤਾਵਾਂ ’ਚ ਗਿਣਿਆ ਜਾਂਦਾ ਹੈ, ਜਿਨ੍ਹਾਂ ਦੇ ਵਿਚਾਰਾਂ ਨੂੰ ਕਾਂਗਰਸ ਲੀਡਰਸ਼ਿਪ ਵੀ ਗੰਭੀਰਤਾ ਨਾਲ ਲੈਂਦੀ ਹੈ ਕਿਉਂਕਿ ਜਾਖੜ ਆਪਣੀ ਗੱਲ ਸਪੱਸ਼ਟ ਤੌਰ ’ਤੇ ਕਹਿਣ ਵਾਲੇ ਨੇਤਾ ਮੰਨੇ ਜਾਂਦੇ ਹਨ।