ਪੁਣੇ (ਰਾਘਵ) : ਮਹਾਰਾਸ਼ਟਰ ਦੇ ਪੁਣੇ 'ਚ ਪ੍ਰੇਮ ਸਬੰਧਾਂ ਦੇ ਸ਼ੱਕ 'ਚ 17 ਸਾਲਾ ਲੜਕੇ ਦਾ ਕਤਲ ਕਰਨ ਦੇ ਦੋਸ਼ 'ਚ ਲੜਕੀ ਦੇ ਪਿਤਾ ਸਮੇਤ ਤਿੰਨ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਰਾਤ ਵਾਘੋਲੀ ਇਲਾਕੇ 'ਚ ਗਣੇਸ਼ ਟਾਂਡੇ (17) ਦੀ ਬੇਰਹਿਮੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਉਸ ਨੇ ਕਿਹਾ, "ਉਹ (ਨਾਬਾਲਗ) ਲਕਸ਼ਮਣ ਪੇਟਕਰ ਦੀ ਧੀ ਦਾ ਦੋਸਤ ਸੀ। ਉਹ ਰੋਜ਼ਾਨਾ ਗੱਲ ਕਰਦੇ ਸਨ। ਪੇਟਕਰ ਪਰਿਵਾਰ ਉਨ੍ਹਾਂ ਦੀ ਦੋਸਤੀ ਦੇ ਵਿਰੁੱਧ ਸੀ, ਜਿਸ ਕਾਰਨ ਉਨ੍ਹਾਂ ਨੇ ਉਸ ਦੇ ਕਤਲ ਦੀ ਸਾਜ਼ਿਸ਼ ਰਚੀ।"
ਅਧਿਕਾਰੀ ਨੇ ਦੱਸਿਆ, "ਗਣੇਸ਼ ਰਾਤ ਕਰੀਬ 12.30 ਵਜੇ ਆਪਣੇ ਦੋਸਤਾਂ ਨਾਲ ਸੜਕ 'ਤੇ ਪੈਦਲ ਜਾ ਰਿਹਾ ਸੀ ਜਦੋਂ ਲਕਸ਼ਮਣ ਅਤੇ ਉਸ ਦੇ ਪੁੱਤਰ ਨਿਤਿਨ ਅਤੇ ਸੁਧੀਰ ਨੇ ਉਸ ਨੂੰ ਘੇਰ ਲਿਆ ਅਤੇ ਲੋਹੇ ਦੀਆਂ ਰਾਡਾਂ ਅਤੇ ਪੱਥਰਾਂ ਨਾਲ ਉਸ ਦੀ ਕੁੱਟਮਾਰ ਕੀਤੀ। ਗਣੇਸ਼ ਨੂੰ ਗੰਭੀਰ ਸੱਟਾਂ ਲੱਗੀਆਂ,ਜਿਸ ਕਾਰਨ ਉਸ ਦੀ ਮੌਤ ਹੋ ਗਈ।" ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਨੂੰ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।