ਨਿਊਜ਼ ਡੈਸਕ (ਜਸਕਮਲ) : ਸੜਕ ਟਰਾਂਸਪੋਰਟ ਮੰਤਰਾਲਾ ਨੇ ਮੋਟਰਸਾਈਕਲ ’ਤੇ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲਿਜਾਣ ਸਬੰਧੀ ਨਵੇਂ ਨਿਯਮ ਜਾਰੀ ਕੀਤੇ ਹਨ। 15 ਫਰਵਰੀ ਦੀ ਇਕ ਨੋਟੀਫਿਕੇਸ਼ਨ 'ਚ, ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮ, 1989 ਦੇ ਨਿਯਮ 138 'ਚ ਸੋਧ ਕੀਤੀ ਹੈ। ਨਿਯਮਾਂ ਤਹਿਤ ਨੌਂ ਮਹੀਨਿਆਂ ਤੋਂ ਚਾਰ ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਬਾਈਕ ਉੱਤੇ ਸਵਾਰੀ ਜਾਂ ਲਿਜਾਣ ਲਈ ਸੁਰੱਖਿਆ ਪ੍ਰਦਾਨ ਕਰਨ ਲਈ ਸੁਝਾਅ ਦਿੱਤੇ ਗਏ ਹਨ। ਇਸ ਅਧੀਨ ਬੱਚਿਆਂ ਲਈ ਸੁਰੱਖਿਆ ਹੈਲਮਟ ਤੇ ਸੁਰੱਖਿਆ ਬੈਲਟ ਦੀ ਵਰਤੋਂ ਕਰਨੀ ਜ਼ਰੂਰੀ ਹੋਵੇਗੀ।
ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਨਵੇਂ ਨਿਯਮਾਂ ਮੁਤਾਬਕ 4 ਸਾਲ ਤੱਕ ਦੇ ਬੱਚੇ ਨੂੰ ਪਿੱਛੇ ਦੀ ਸੀਟ ’ਤੇ ਲਿਜਾਣ ਸਮੇਂ ਮੋਟਰਸਾਈਕਲ ਦੀ ਰਫਤਾਰ 40 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਹ ਨਿਯਮ ਕੇਂਦਰੀ ਮੋਟਰ ਵ੍ਹੀਕਲ ਐਕਟ (ਦੂਜੀ ਸੋਧ) ਨਿਯਮ 2022 ਦੇ ਪ੍ਰਕਾਸ਼ਨ ਦੀ ਮਿਤੀ ਤੋਂ ਇਕ ਸਾਲ ਬਾਅਦ ਲਾਗੂ ਹੋਣਗੇ।
ਮੰਤਰਾਲੇ ਨੇ ਪਿਛਲੇ ਸਾਲ ਅਕਤੂਬਰ 'ਚ ਹੀ ਇਨ੍ਹਾਂ ਨਿਯਮਾਂ ਦਾ ਖਰੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ 'ਚ ਬਾਈਕ 'ਤੇ ਬੈਠਣ ਵਾਲੇ ਬੱਚਿਆਂ ਲਈ ਸੇਫਟੀ ਹਾਰਨੈੱਸ ਅਤੇ ਕਰੈਸ਼ ਹੈਲਮੇਟ ਦੀ ਵਰਤੋਂ ਨੂੰ ਲਾਜ਼ਮੀ ਬਣਾਉਣ ਦਾ ਪ੍ਰਸਤਾਵ ਦਿੱਤਾ ਗਿਆ ਸੀ।