ਚੰਡੀਗੜ੍ਹ (ਦੇਵ ਇੰਦਰਜੀਤ) : ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਬਗਾਵਤ ਦਾ ਐਲਾਨ ਕਰਨ ਵਾਲੇ ਮੰਤਰੀ ਹੁਣ ਦੁਬਾਰਾ ਵਿਭਾਗੀ ਕੰਮਕਾਰ ਵਿਚ ਸਰਗਰਮ ਹੋ ਗਏ ਹਨ। ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਇਨ੍ਹੀਂ ਦਿਨੀਂ ਆਪਣੇ ਵਿਭਾਗਾਂ ਵਿਚ ਅਧਿਕਾਰੀਆਂ ਦੇ ਨਾਲ ਬੈਠਕਾਂ ਵਿਚ ਰੁੱਝੇ ਹਨ।
ਕੁਝ ਦਿਨ ਪਹਿਲਾਂ ਇਨ੍ਹਾਂ ਮੰਤਰੀਆਂ ਨੇ ਬਗਾਵਤ ਦਾ ਬਿਗਲ ਵਜਾਉਂਦਿਆਂ ਕੈਪਟਨ ਸਰਕਾਰ ਦੇ ਤਖ਼ਤਾਪਲਟ ਦਾ ਐਲਾਨ ਕਰ ਦਿੱਤਾ ਸੀ। ਇਨ੍ਹਾਂ ਮੰਤਰੀਆਂ ਨੇ ਬਕਾਇਦਾ ਦੇਹਰਾਦੂਨ ਜਾ ਕੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਵੀ ਕੀਤੀ ਸੀ। ਨਾਲ ਹੀ ਇਹ ਦਾਅਵਾ ਵੀ ਕੀਤਾ ਸੀ ।
ਉਨ੍ਹਾਂ ਕੋਲ ਸਰਕਾਰ ਨੂੰ ਡੇਗਣ ਲਈ ਵਿਧਾਇਕਾਂ ਦੀ ਸਮਰੱਥ ਗਿਣਤੀ ਹੈ। ਇਹ ਵੱਖਰੀ ਗੱਲ ਹੈ ਕਿ ਹਰੀਸ਼ ਰਾਵਤ ਨਾਲ ਮੁਲਾਕਾਤ ਤੋਂ ਬਾਅਦ ਹੁਣ ਤੱਕ ਇਹ ਮੰਤਰੀ ਤਖ਼ਤਾਪਲਟ ਨਹੀਂ ਕਰ ਸਕੇ ਹਨ।
ਤਖ਼ਤਾਪਲਟ ਦੀ ਪੂਰੀ ਮੁਹਿੰਮ ਅਫ਼ਸਲ ਹੋ ਗਈ ਹੈ, ਇਸ ਲਈ ਮੰਤਰੀਆਂ ਨੇ ਦੁਬਾਰਾ ਵਿਭਾਗੀ ਕੰਮਕਾਰ ਵਿਚ ਸਰਗਰਮੀ ਵਧਾ ਦਿੱਤੀ ਹੈ ਤਾਂ ਕਿ ਆਪਣੇ ਅਕਸ ਨੂੰ ਜ਼ਿਆਦਾ ਮਜ਼ਬੂਤ ਬਣਾਇਆ ਜਾ ਸਕੇ। ਇਸ ਕਵਾਇਦ ਦੇ ਤਹਿਤ ਸਭ ਤੋਂ ਪਹਿਲਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਸ਼ੂ ਪਾਲਣ ਮਹਿਕਮੇ ਵਿਚ ਸਰਗਰਮ ਹੁੰਦਿਆਂ ਡੇਅਰੀ ਟ੍ਰੇਨਿੰਗ ਪ੍ਰੋਗਰਾਮ ’ਤੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ।
ਉਥੇ ਹੀ, ਬੁੱਧਵਾਰ ਨੂੰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਨੇ ਆਪਣੇ ਵਿਭਾਗੀ ਅਧਿਕਾਰੀਆਂ ਦੇ ਨਾਲ ਬੈਠਕਾਂ ਦਾ ਬਿਓਰਾ ਦਿੱਤਾ। ਸਹਿਕਾਰਕਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗੰਨੇ ਦੀ ਫਸਲ ’ਤੇ ਲਾਲ ਰੋਗ ਦੇ ਹਮਲੇ ਨਾਲ ਨਜਿੱਠਣ ਲਈ ਹਰਕਤ ਵਿਚ ਆਏ ਅਤੇ ਜਲੰਧਰ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਸਰਵੇਖਣ ਕਰਨ ਦੇ ਨਿਰਦੇਸ਼ ਹਨ।
ਘਰ ਨਿਰਮਾਣ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਘਰ ਨਿਰਮਾਣ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਪ੍ਰਦੀਪ ਕੁਮਾਰ ਅਗਰਵਾਲ ਨਾਲ ਬੈਠਕ ਕਰਕੇ ਗਮਾਡਾ ਦੀ ਐਰੋਟਰੋਪੋਲਿਸ ਸਕੀਮ ਅਨੁਸਾਰ ਜ਼ਮੀਨ ਮਾਲਕਾਂ ਨੂੰ ਲੈਟਰ ਆਫ ਇੰਟੈਂਟ ਦੇਣ ਲਈ ਆਨਲਾਈਨ ਵੰਡ ਨੂੰ ਸ਼ੁਰੂ ਕੀਤਾ ਹੈ।
ਡਿਜੀਟਲ ਢੰਗ ਨਾਲ ਲੈਟਰ ਆਫ ਇੰਟੈਂਟ ਆਗਿਆ ਪੱਤਰ ਜਾਰੀ ਕਰਨ ਦੀ ਇਸ ਪਹਿਲਕਦਮੀ ਨੇ ਐੱਲ.ਓ.ਆਈ. ਜਾਰੀ ਕਰਨ ਦੇ ਪੁਰਾਣੇ ਰਵਾਇਤੀ ਢੰਗ ਨੂੰ ਬਦਲ ਦਿੱਤਾ ਹੈ। ਪੁੱਡਾ ਭਵਨ, ਐੱਸ. ਏ. ਐੱਸ. ਨਗਰ ਵਿਚ ਐਰੋਟਰੋਪੋਲਿਸ ਸਕੀਮ ਦੇ ਅਨੁਸਾਰ ਐਕੁਆਇਰ ਕੀਤੀ ਗਈ ਜ਼ਮੀਨ ਦੇ ਮਾਲਕਾਂ ਨੂੰ ਐੱਲ.ਓ.ਆਈ. ਜਾਰੀ ਕਰਨ ਦੀ ਆਨਲਾਈਨ ਪ੍ਰੀਕਿਰਿਆ ਦੀ ਸ਼ੁਰੂਆਤ ਕਰਨ ਮੌਕੇ ਮੰਤਰੀ ਸਰਕਾਰੀਆ ਨੇ ਇਸ ਨੂੰ ਇੱਕ ਮੀਲ ਪੱਥਰ ਸਥਾਪਿਤ ਕਰਨ ਵਾਲਾ ਦਿਨ ਦੱਸਿਆ ਹੈ।