ਹਰਿਆਣਾ (ਦੇਵ ਇੰਦਰਜੀਤ) : ਕਿਸਾਨਾਂ ਦਾ ਭਾਰੀ ਇਕੱਠ ਮਿੰਨੀ ਸਕੱਤਰੇਤ ਵੱਲ ਕੂਚ ਕਰਦਿਆਂ ਰਸਤੇ ’ਚ ਆਈਆਂ ਰੁਕਾਵਟਾਂ ਨੂੰ ਤੋੜਦਿਆਂ ਮਿੰਨੀ ਸਕੱਤਰੇਤ ਪਹੁੰਚ ਗਿਆ ਹੈ। ਮਿੰਨੀ ਸਕੱਤਰੇਤ ਪਹੁੰਚਣ ’ਤੇ ਕਿਸਾਨਾਂ ’ਤੇ ਪੁਲਸ ਵੱਲੋਂ ਜਲ ਤੋਪਾਂ ਦੀ ਵਰਤੋਂ ਕੀਤੀ ਗਈ ਪਰ ਇਸ ਨੂੰ ਰੋਕਦਿਆਂ ਡੀ. ਸੀ. ਨਿਸ਼ਾਂਤ ਯਾਦਵ ਨੇ ਕਿਹਾ ਕਿ ਕਿਸਾਨਾਂ ’ਤੇ ਬਲ ਪ੍ਰਯੋਗ ਨਹੀਂ ਕਰਾਂਗੇ।
ਕਿਸਾਨਾਂ ਦੇ ਭਾਰੀ ਇਕੱਠ ਨੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਲਾ ਲਿਆ ਹੈ। ਪਹਿਲੀ ਲਾਈਨ ’ਚ ਕਿਸਾਨ ਆਗੂ ਬੈਠੇ ਹਨ ਤੇ ਉਨ੍ਹਾਂ ਦੇ ਪਿੱਛੇ ਕਿਸਾਨਾਂ ਦਾ ਭਾਰੀ ਇਕੱਠ ਹੈ। ਇਸ ਦੌਰਾਨ ਹਾਲਾਤ ਤਣਾਅਪੂਰਨ ਬਣੇ ਹੋਏ ਹਨ।
ਪ੍ਰਸ਼ਾਸਨ ਨਾਲ ਹੋਈ ਮੀਟਿੰਗ ’ਚ ਮਿਲੀ ਨਿਰਾਸ਼ਾ ਤੋਂ ਬਾਅਦ ਕਿਸਾਨ ਮਿੰਨੀ ਸਕੱਤਰੇਤ ਪਹੁੰਚ ਗਏ ਹਨ। ਕਿਸਾਨਾਂ ਨੇ ਮਿੰਨੀ ਸਕੱਤਰੇਤ ਵੱਲ ਵਧਦਿਆਂ ਦੋ ਬੈਰੀਕੇਡ ਤੋੜੇ, ਜਿਸ ਤੋਂ ਬਾਅਦ ਨਮਸਤੇ ਚੌਕ ਪਹੁੰਚ ਕੇ ਕਿਸਾਨ ਆਗੂ ਯੋਗਿੰਦਰ ਯਾਦਵ, ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚਡੂਨੀ ਆਦਿ ਨੂੰ ਹਿਰਾਸਤ ’ਚ ਲਿਆ ਗਿਆ। ਇਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਦਬਾਅ ਪਾਇਆ ਤਾਂ ਪੁਲਸ ਨੇ ਆਗੂਆਂ ਨੂੰ ਬੱਸ ਤੋਂ ਉਤਾਰ ਦਿੱਤਾ।