ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਬੱਚਿਆਂ ਦੀ ਨਿੱਜਤਾ ਦੀ ਉਲੰਘਣਾ ਮਾਮਲੇ 'ਚ ਗੂਗਲ ਦੇ ਮਾਲਕਾਨਾ ਹੱਕ ਵਾਲੇ ਵੀਡੀਓ ਸ਼ੇਅਰਿੰਗ ਐਪ ਯੂਟਿਊਬ 'ਤੇ ਲੱਖਾਂ ਡਾਲਰ ਜੁਰਮਾਨਾ ਲੱਗਾ ਹੈ। ਇਕ ਮੀਡੀਆ ਰਿਪੋਰਟ ਦਾ ਦਾਅਵਾ ਹੈ ਕਿ ਇਸ ਮਾਮਲੇ ਦੇ ਨਿਪਟਾਰੇ ਨੂੰ ਲੈ ਕੇ ਗੂਗਲ ਤੇ ਅਮਰੀਕੀ ਰੈਗੁਲੇਟਰੀ ਫੈਡਰਲ ਟ੍ਰੇਡ ਕਮਿਸ਼ਨ (ਐੱਫਟੀਸੀ) ਦਰਮਿਆਨ ਸਮਝੌਤਾ ਹੋ ਗਿਆ ਹੈ। ਐੱਫਟੀਸੀ ਯੂਟਿਊਬ 'ਤੇ ਲੱਗੇ ਦੋਸ਼ਾਂ ਦੀ ਜਾਂਚ ਕਰ ਰਿਹਾ ਸੀ। ਉਸ ਨੇ ਆਪਣੀ ਜਾਂਚ 'ਚ ਪਾਇਆ ਕਿ ਯੂਟਿਊਬ ਰਾਹੀਂ ਗੂਗਲ ਨੇ ਗ਼ਲਤ ਤਰੀਕੇ ਨਾਲ ਬੱਚਿਆਂ ਦੀਆਂ ਨਿੱਜੀ ਜਾਣਕਾਰੀਆਂ ਇਕੱਠੀਆਂ ਕੀਤੀਆਂ ਕੀਤੀਆਂ ਸਨ।
ਗੂਗਲ ਦਾ ਇਹ ਕਾਰਾ ਚਿਲਡ੍ਰੈਂਸ ਆਨਲਾਈਨ ਪ੍ਰਰਾਈਵੇਸੀ ਪ੍ਰਰੋਟੈਕਸ਼ਨ ਐਕਟ ਦੀ ਉਲੰਘਣਾ ਹੈ। ਨਿਆਂ ਵਿਭਾਗ ਨੇ ਜੁਰਮਾਨੇ ਦਾ ਵੇਰਵਾ ਨਹੀਂ ਦਿੱਤਾ ਹੈ। ਇਸੇ ਕਾਰਨ ਹਾਲੇ ਇਹ ਸਪਸ਼ਟ ਨਹੀਂ ਹੈ ਕਿ ਯੂਟਿਊਬ ਨੂੰ ਜੁਰਮਾਨੇ ਦੇ ਰੂਪ 'ਚ ਕਿੰਨੀ ਰਕਮ ਭਰਨੀ ਪਵੇਗੀ। ਇਸ ਮਾਮਲੇ 'ਚ ਐੱਫਟੀਸੀ ਵੱਲੋਂ ਗੂਗਲ 'ਤੇ ਭਾਰੀ ਭਰਕਮ ਜੁਰਮਾਨਾ ਲਾਏ ਜਾਣ ਦੀ ਗੱਲ ਜੂਨ 'ਚ ਹੀ ਸਾਹਮਣੇ ਆ ਗਈ ਸੀ।
ਅਮਰੀਕੀ ਸੈਨੇਟਰ ਐਡ ਮਾਰਕੇ ਨੇ ਵੀ ਐੱਫਟੀਸੀ ਨੂੰ ਲਿਖੇ ਪੱਤਰ 'ਚ ਯੂਟਿਊਬ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ। ਮਾਰਕੇ ਦਾ ਕਹਿਣਾ ਸੀ ਕਿ ਯੂਟਿਊਬ ਨੂੰ ਹਰ ਉਸ ਨਾਜਾਇਜ਼ ਕਾਰਿਆਂ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ, ਜਿਸ ਨਾਲ ਬੱਚੇ ਪ੍ਰਭਾਵਤ ਹੁੰਦੇ ਹਨ। ਇਨ੍ਹਾਂ ਸਭ ਤੋਂ ਬਾਅਦ ਯੂਟਿਊਬ ਨੇ ਆਪਣੇ ਪਲੇਟਫਾਰਮ 'ਤੇ ਕੰਟੈਂਟ ਅਪਲੋਡ ਕਰਨ ਤੇ ਵੇਖਣ ਵਾਲੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਅਹਿਮ ਬਦਲਾਅ ਕਰਨ ਦੀ ਗੱਲ ਕਹੀ ਸੀ। ਇਸਦੇ ਨਾਲ ਹੀ ਯੂਟਿਊਬ ਬੱਚਿਆਂ ਨਾਲ ਸਬੰਧਤ ਸਾਰੇ ਕੰਟੈਂਟ ਨੂੰ 'ਯੂਟਿਊਬ ਕਿਡਸ ਐਪ' ਵਿਚ ਟਰਾਂਸਫਰ ਕਰਨ ਦਾ ਵੀ ਵਿਚਾਰ ਕਰ ਰਿਹਾ ਹੈ।