ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਖਿਆ ਵਿਭਾਗ ਵੱਲੋਂ ਹੁਣ ਸਕੂਲ ਦੇ ਕਿਸੇ ਵੀ ਅਧਿਆਪਕ ਨੂੰ ਮਿਡ-ਡੇਅ ਮੀਲ ਦਾ ਚਾਰਜ ਦਿੱਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਕੁੱਝ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਸਕੂਲ 'ਚ ਮਿਡ-ਡੇਅ ਮੀਲ ਦੇ ਕੰਮ ਨੂੰ ਦੇਖਣ ਲਈ ਕਿਸ ਅਧਿਆਪਕ ਦੀ ਡਿਊਟੀ ਲਗਾਈ ਜਾਵੇ?
ਜਿਸ ਕਾਰਨ ਵਿਭਾਗ ਨੇ ਹੁਕਮ ਜਾਰੀ ਕੀਤੇ ਹਨ ਕਿ ਸਕੂਲ ਵਿਚ ਮਿਡ-ਡੇਅ ਮੀਲ ਦਾ ਚਾਰਜ ਸਕੂਲ ਮੁਖੀ ਵੱਲੋਂ ਕਿਸੇ ਵੀ ਅਧਿਆਪਕ ਨੂੰ ਦਿੱਤਾ ਜਾ ਸਕਦਾ ਹੈ, ਭਾਵੇਂ ਇਸ ਤੋਂ ਪਹਿਲਾਂ ਵਿਭਾਗ ਵੱਲੋਂ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਦੇ ਹੋਏ ਸਕੂਲ ਵਿਚ ਮਿਡ-ਡੇਅ ਮੀਲ ਦੀ ਜ਼ਿੰਮੇਵਾਰੀ ਪੀ. ਟੀ. ਆਈ., ਡੀ. ਪੀ. ਆਈ., ਡਰਾਇੰਗ ਟੀਚਰ, ਸਿਲਾਈ ਟੀਚਰ ਨੂੰ ਹੀ ਦੇਣ ਦੇ ਹੁਕਮ ਸਨ।
ਅਧਿਆਪਕਾਂ ਦਾ ਕਹਿਣਾ ਹੈ ਕਿ ਬੱਚਿਆਂ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕਰਨ ਦੇ ਚੱਕਰ ’ਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਜ਼ਿਆਦਾਤਰ ਸਕੂਲਾਂ ਵਿਚ ਪੀ. ਟੀ. ਆਈ., ਆਰਟ ਐਂਡ ਕਰਾਫਟ ਟੀਚਰ ਦੀ ਪੋਸਟ ਖ਼ਾਲੀ ਹੋਣ ਕਾਰਨ ਇਹ ਕੰਮ ਹੋਰ ਵਿਸ਼ਿਆਂ ਦੇ ਅਧਿਆਪਕ ਕਰਦੇ ਹਨ। ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਸਰਕਾਰ ਨੂੰ ਮਿਡ-ਡੇਅ ਮੀਲ ਲਈ ਵੱਖਰੇ ਸਟਾਫ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ।