ਅੰਮ੍ਰਿਤਸਰ (ਹਰਮੀਤ): ਅੱਜ ਅਸੀਂ ਜੂਨ 1984 ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਓਸ ਸਮੇ ਦੀ ਦਿੱਲੀ 'ਚ ਸ਼ਾਸਿਤ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਫੌਜੀ ਹਮਲੇ ਦੀ 40ਵੀਂ ਸਾਲਾਨਾ ਯਾਦ ਨੂੰ ਸਮਰਪਿਤ ਅਰਦਾਸ ਸਮਾਗਮ ਵਿਚ ਇਕੱਤਰ ਹੋਏ ਹਾਂ।
ਖਾਲਸਾ ਜੀ! ਸਾਡੀ ਮਹਾਨ ਵਿਰਾਸਤ ਦੱਰਾ-ਏ-ਖੈਬਰ ਤੋਂ ਲੈ ਕੇ ਕਸ਼ਮੀਰ, ਲੱਦਾਖ ਤੇ ਚੀਨ ਤੱਕ ਵਿਸ਼ਾਲ ਖਾਲਸਾ ਰਾਜ-ਭਾਗ ਵਾਲੀ ਰਹੀ ਹੈ, ਜਿਸ ਦਾ ਆਪਣਾ ਖਾਲਸਈ ਵਿਧਾਨ, ਆਪਣਾ ਨਿਸ਼ਾਨ, ਆਪਣੀ ਕਰੰਸੀ, ਆਪਣਾ ਕਾਨੂੰਨ ਅਤੇ ਸਰਬੱਤ ਦੇ ਭਲੇ ਵਾਲਾ ਰਾਜ ਸ਼ਾਸਨ ਸੀ, ਜਿਹੜਾ ਅੱਜ ਵੀ ਦੁਨੀਆ ਦੀਆਂ ਰਾਜ ਪ੍ਰਣਾਲੀਆਂ ਲਈ ਚਾਨਣ ਮੁਨਾਰਾ ਹੈ। ਹਿੰਦੋਸਤਾਨ ਨੂੰ ਜਦੋਂ ਅੰਗਰੇਜ਼ਾਂ ਨੇ ਗੁਲਾਮ ਬਣਾਉਣਾ ਸ਼ੁਰੂ ਕੀਤਾ ਤਾਂ ਸਿੱਖਾਂ ਨੇ ਇਕ ਸੌ ਸਾਲ ਤੱਕ ਉਨ੍ਹਾਂ ਨੂੰ ਪੰਜਾਬ ਵਿਚ ਵੜਣ ਨਹੀਂ ਦਿੱਤਾ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਗੱਦਾਰਾਂ ਦੇ ਕਾਰਨ ਜਦੋਂ ਸਿੱਖ ਰਾਜ ਗਿਆ ਤਾਂ ਅੰਗਰੇਜ਼ਾਂ ਨੇ ਪੰਜਾਬ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ।
ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਵੀ ਸਿੱਖਾਂ ਨੇ ਸਿਰਫ ਦੋ ਫੀਸਦੀ ਤੋਂ ਵੀ ਘੱਟ ਆਬਾਦੀ ਹੋਣ ਦੇ ਬਾਵਜੂਦ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਇਸੇ ਕਾਰਨ ਹਿੰਦੋਸਤਾਨ ਦੇ ਸਿਆਸੀ ਆਗੂ ਆਜ਼ਾਦੀ ਦੀ ਲੜਾਈ ਦੌਰਾਨ ਵਾਰ-ਵਾਰ ਸਿੱਖਾਂ ਨਾਲ ਵਾਅਦੇ ਕਰਦੇ ਰਹੇ ਕਿ ਆਜ਼ਾਦੀ ਮਿਲਣ ਉਪਰੰਤ ਉੱਤਰੀ ਭਾਰਤ ਵਿਚ ਉਨ੍ਹਾਂ ਨੂੰ ਅਜਿਹਾ ਖੁਦਮੁਖਤਿਆਰ ਖਿੱਤਾ ਦਿਤਾ ਜਾਵੇਗਾ, ਜਿੱਥੇ ਸਿੱਖ ਵੀ ਆਪਣੇ ਰਾਜ-ਭਾਗ ਦੀ ਮਹਾਨ ਵਿਰਾਸਤ ਨੂੰ ਮਾਣਦਿਆਂ ਆਜ਼ਾਦੀ ਦਾ ਨਿੱਘ ਮਾਣ ਸਕਣਗੇ।
ਬਦਕਿਸਮਤੀ ਨਾਲ 1947 ਵਿਚ ਭਾਰਤ ਆਜ਼ਾਦ ਹੋਣ ਤੋਂ ਬਾਅਦ ਦੇਸ਼ ਦੀ ਹਕੂਮਤ ਵਲੋੰ ਸਿੱਖਾਂ ਨਾਲ, ਆਜ਼ਾਦੀ ਤੋਂ ਪਹਿਲਾਂ ਕੀਤੇ ਵਾਅਦੇ ਵਿਸਾਰ ਦਿੱਤੇ ਗਏ ਅਤੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਤੱਕ ਆਖ ਕੇ ਸਰਕਾਰੀ ਅਧਿਕਾਰੀਆਂ ਨੂੰ ਇਨ੍ਹਾਂ ‘ਤੇ ਸ਼ੱਕੀ ਨਿਗਾਹਾਂ ਰੱਖਣ ਦੇ ਫਰਮਾਨ ਜਾਰੀ ਕੀਤੇ ਗਏ। ਅਖੀਰ ਆਪਣੇ ਨਾਲ ਹੋਏ ਵੱਡੇ ਧੋਖੇ ਮਹਿਸੂਸ ਕਰਦਿਆਂ ਸਿੱਖਾਂ ਨੂੰ ਆਪਣੇ ਰਾਜਨੀਤਕ ਹੱਕ-ਹਕੂਕ ਲੈਣ ਲਈ ਸੰਘਰਸ਼ ਦਾ ਰਾਹ ਅਪਨਾਉਣ ਲਈ ਮਜਬੂਰ ਹੋਣਾ ਪਿਆ। ਭਾਸ਼ਾਈ ਆਧਾਰ ‘ਤੇ ਸੂਬਿਆਂ ਦੇ ਪੁਨਰ-ਗਠਨ ਵੇਲੇ ਵੀ ਪੰਜਾਬ ਨੂੰ ਵਿਚਾਰਿਆ ਨਾ ਗਿਆ ਤਾਂ ਅਖੀਰ ਸਿੱਖਾਂ ਨੂੰ ਕਸ਼ਟਮਈ ਹਾਲਾਤਾਂ ਦਾ ਸਾਹਮਣਾ ਕਰਦਿਆਂ ਮੋਰਚੇ ਲਗਾ ਕੇ 1966 ਵਿਚ ਪੰਜਾਬੀ ਸੂਬਾ ਮਿਲਿਆ।
ਦਰਿਆਈ ਪਾਣੀ, ਡੈਮ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਫਿਰ ਵੀ ਪੰਜਾਬ ਨੂੰ ਨਾ ਦਿੱਤੇ ਗਏ। ਪੰਜਾਬ ਦੇ ਇਨ੍ਹਾਂ ਮਸਲਿਆਂ ਅਤੇ ਸੂਬਿਆਂ ਲਈ ਖੁਦਮੁਖਤਿਆਰੀ ਵਾਲੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਅਗਸਤ 1982 ਵਿਚ ਸਿੱਖਾਂ ਨੂੰ ਧਰਮ ਯੁੱਧ ਮੋਰਚਾ ਲਾਉਣ ਲਈ ਮਜਬੂਰ ਹੋਣਾ ਪਿਆ। ਇਸ ਮੋਰਚੇ ਨੂੰ ਆਪਣੇ ਜਬਰ ਦੀ ਨੀਤੀ ਨਾਲ ਕੁਚਲਣ ਅਤੇ ਦੇਸ਼ ਵਿਚ ਐਮਰਜੈਂਸੀ ਵੇਲੇ ਅਕਾਲੀ ਦਲ ਵਲੋਂ ਕੀਤੇ ਵਿਰੋਧ ਦਾ ਬਦਲਾ ਸਿੱਖ ਕੌਮ ਕੋਲੋਂ ਲੈਣ ਲਈ ਸਮੇਂ ਦੀ ਹੰਕਾਰੀ ਤੇ ਜਾਬਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ 1 ਜੂਨ 1984 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਚ ਭਾਰਤੀ ਫੌਜ ਵਾੜ ਕੇ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਵਾਸਤੇ ਆਈਆਂ ਸੰਗਤਾਂ ਉੱਤੇ ਗੋਲੀਆਂ ਚਲਾਉਂਦਿਆਂ ਨਿਹੱਥੇ ਸਿੰਘ-ਸਿੰਘਣੀਆਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਬੇਰਹਿਮੀ ਦੇ ਨਾਲ ਸ਼ਹੀਦ ਕਰਵਾਇਆ ਗਿਆ।
1 ਜੂਨ ਤੋਂ 6 ਜੂਨ 1984 ਤੱਕ ਹਿੰਦੋਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਭੇਜੀ ਫੌਜ ਨੇ ਤੋਪਾਂ ਤੇ ਟੈਂਕਾਂ ਦੇ ਗੋਲਿਆਂ ਨਾਲ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਮੀਰੀ-ਪੀਰੀ ਤੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਜੇ ਪਾਵਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਾਵਨ ਇਮਾਰਤ ਨੂੰ ਖੰਡਿਤ ਕੀਤਾ ਗਿਆ। ਸਿੱਖ ਇਤਿਹਾਸ ਦੀਆਂ ਮਹਾਨ ਪਰੰਪਰਾਵਾਂ ਤੋਂ ਸੇਧ ਲੈਂਦਿਆਂ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਭਾਈ ਅਮਰੀਕ ਸਿੰਘ ਜੀ, ਬਾਬਾ ਠਾਹਰਾ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ ਅਤੇ ਸੈਂਕੜੇ ਜੁਝਾਰੂ ਸਿੰਘ ਹਿੰਦੋਸਤਾਨ ਦੀ ਫੌਜ ਦਾ ਡੱਟ ਕੇ ਮੁਕਾਬਲਾ ਕਰਦਿਆਂ ਸ਼ਹਾਦਤ ਦਾ ਜਾਮ ਪੀ ਗਏ।
ਖ਼ਾਲਸਾ ਜੀ! ਜੂਨ 1984 ਦਾ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਫ਼ੌਜੀ ਹਮਲਾ ਸਿੱਖ ਕੌਮ ਲਈ ਤੀਜਾ ਘੱਲੂਘਾਰਾ ਹੋ ਨਿੱਬੜਿਆ, ਜਿਸ ਦਾ ਦਰਦ, ਜਿਸ ਦੇ ਜ਼ਖ਼ਮ ਸਿੱਖ ਅਵਚੇਤਨ ਵਿਚੋਂ ਕਦੇ ਵੀ ਮਨਫੀ ਨਹੀਂ ਹੋ ਸਕਣਗੇ, ਕਿਉਂਕਿ ਵੱਡੇ ਤੇ ਛੋਟੇ ਘੱਲੂਘਾਰਿਆਂ ਦੇ ਵਿਦੇਸ਼ੀ ਮੁਗਲ ਤੇ ਅਫਗਾਨ ਹਮਲਾਵਰਾਂ ਦੇ ਉਲਟ 1984 ਦਾ ਘੱਲੂਘਾਰਾ ਉਸ ਆਜ਼ਾਦ ਹਿੰਦੋਸਤਾਨ ਦੀ ਹਕੂਮਤ ਨੇ ਵਰਤਾਰਿਆ ਹੈ, ਜਿਸ ਨੂੰ ਆਜ਼ਾਦ ਕਰਵਾਉਣ ਵਿਚ 80 ਫੀਸਦੀ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਹਨ।
ਅੱਜ ਜੂਨ 1984 ਦੇ 40ਵੇਂ ਘੱਲੂਘਾਰਾ ਦਿਹਾੜੇ ਮੌਕੇ ਜਿੱਥੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਖਾਤਰ ਸ਼ਹੀਦ ਹੋਣ ਵਾਲੇ ਦਮਦਮੀ ਟਕਸਾਲ, ਸਿੱਖ ਸਟੂਡੈਂਟਸ ਫੈਡਰੇਸ਼ਨ, ਬੱਬਰ ਖਾਲਸਾ ਅਤੇ ਹੋਰ ਜਥੇਬੰਦੀਆਂ ਨਾਲ ਸਬੰਧਿਤ ਸਮੂਹ ਸਿੰਘਾਂ-ਸਿੰਘਣੀਆਂ ਅਤੇ ਕਾਰ ਸੇਵਾ ਵਾਲੇ ਮਹਾਂਪੁਰਖ-ਸ਼ਹੀਦਾਂ ਨੂੰ ਸਾਡਾ ਪ੍ਰਣਾਮ ਹੈ, ਉੱਥੇ “ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥” ਦੇ ਮਹਾਂਵਾਕ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਫੌਜੀ ਹਮਲੇ ਦੇ ਰੋਸ ਵਿਚ ਬੈਰਕਾਂ ਛੱਡ ਕੇ ਆਉਣ ਵਾਲੇ ਧਰਮੀ ਫੌਜੀਆਂ ਦੇ ਤਿਆਗ ਅਤੇ ਕੁਰਬਾਨੀਆਂ ਅੱਗੇ ਵੀ ਸਾਡਾ ਸਿਰ ਝੁਕਦਾ ਹੈ, ਜਿਨ੍ਹਾਂ ਦੀ ਬਗਾਵਤ ਦੇ ਸਦਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ “ਅਪਰੇਸ਼ਨ ਵੁੱਡ ਰੋਜ਼”ਤਹਿਤ ਮਾਝੇ ਦੇ ਸਰਹੱਦੀ ਜ਼ਿਲ੍ਹੇ ਸ੍ਰੀ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ ਅਤੇ ਫਿਰੋਜ਼ਪੁਰ ਵਿਚ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਲਈ ਗੁਪਤ ਯੋਜਨਾ ਕਾਮਯਾਬ ਨਾ ਹੋ ਸਕੀ।
ਖਾਲਸਾ ਜੀ! ਆਓ ਅੱਜ ਜੂਨ 1984 ਦੇ ਘੱਲੂਘਾਰਾ ਦਿਹਾੜੇ ਮੌਕੇ ਆਪਣੇ ਕੌਮੀ ਜ਼ਖ਼ਮਾਂ ਨੂੰ ਸੂਰਜ ਬਣਾਉਂਦਿਆਂ ਅੱਗੇ ਤੁਰਨ ਲਈ ਯਤਨਸ਼ੀਲ ਹੋਈਏ। ਕੌਮ ਦੀ ਅਣਖ ਤੇ ਇਨਸਾਫ ਦੀ ਲੜਾਈ ਲੜਣ ਵਾਲੇ ਬੰਦੀ ਸਿੰਘਾਂ ਨੂੰ ਦਹਾਕਿਆਂ ਦੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਰਿਹਾਅ ਨਾ ਕਰਨ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ 40 ਸਾਲਾਂ ਬਾਅਦ ਵੀ ਸਜ਼ਾਵਾਂ ਨਾ ਦੇ ਕੇ ਹਿੰਦੋਸਤਾਨ ਦੀ ਹਕੂਮਤ ਵਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਦੋਹਰੇ ਤੇ ਅਨਿਆਂਪੂਰਨ ਵਤੀਰੇ ਵਿਰੁੱਧ, ਪੰਥ ਅਤੇ ਪੰਜਾਬ ਦੇ ਰਾਜਨੀਤਕ, ਭੂਗੋਲਿਕ ਅਤੇ ਆਰਥਿਕ ਹੱਕਾਂ ਲਈ ਦਿੱਲੀ ਵੱਲ ਵਾਰ-ਵਾਰ ਹੱਥ ਅੱਡਣ ਦੀ ਬਜਾਇ ਖਾਲਸਈ ਹਲੇਮੀ ਰਾਜ ਦੇ ਸੰਕਲਪ ਨੂੰ ਪ੍ਰਣਾਈ ਸਿੱਖ ਰਾਜਨੀਤੀ ਨੂੰ ਪ੍ਰਫੁਲਤ ਕਰਨ ਵੱਲ ਅੱਗੇ ਵਧੀਏ।
ਆਓ! ਮਿਲ-ਬੈਠ ਕੇ ਸਿੱਖ ਕੌਮ ਦੇ ਮੌਜੂਦਾ ਸੰਕਟਾਂ ਦੀ ਨਿਸ਼ਾਨਦੇਹੀ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ-ਕਲਿਆਣਕਾਰੀ ਫ਼ਲਸਫ਼ੇ 'ਤੇ ਆਧਾਰਿਤ ਕੌਮੀ ਏਜੰਡਾ ਤੈਅ ਕਰਨ ਲਈ ਮਾਹੌਲ ਸਿਰਜੀਏ ਅਤੇ ਸਿੱਖਾਂ ਦੀ ਕਰਮ ਅਤੇ ਜਨਮ ਭੂਮੀ ਪੰਜਾਬ ਦੀ ਜੀਵਨ-ਜਾਚ ਵਿਚੋਂ ਗੁਆਚ ਰਹੀਆਂ ਨਰੋਈਆਂ ਸੱਭਿਅਕ ਕਦਰਾਂ-ਕੀਮਤਾਂ, ਵਾਤਾਵਰਨ, ਸਿਹਤ ਅਤੇ ਸਿੱਖਿਆ ਦੇ ਗੰਭੀਰ ਸੰਕਟ, ਅਧਰਮ ਤੇ ਪਾਖੰਡਵਾਦ ਦਾ ਬੋਲਬਾਲਾ, ਮਾਂ-ਬੋਲੀ ਤੋਂ ਬੇਮੁਖਤਾਈ, ਸਰੀਰਕ ਰਿਸ਼ਟ-ਪੁਸ਼ਟਤਾ ਤੋਂ ਬੇਧਿਆਨੀ, ਗੁਆਚ ਰਹੇ ਕਿਰਤ ਸੱਭਿਆਚਾਰ ਅਤੇ ਧਰਮ ਦੀਆਂ ਸੱਚੀਆਂ ਕਦਰਾਂ-ਕੀਮਤਾਂ ਤੋਂ ਟੁੱਟੀ ਰਾਜਨੀਤੀ ਨੂੰ ਨਰੋਈ ਦਿਸ਼ਾ ਦੇਣ ਲਈ ਸਮੂਹਿਕ ਯਤਨਾਂ ਵੱਲ ਵਧੀਏ। ਇਹ ਸਾਰੇ ਯਤਨ ਤਾਂ ਹੀ ਸਫਲ ਹੋਣਗੇ ਅਤੇ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਪ੍ਰਤੀ ਸਾਡੀ ਸੱਚੀ ਸ਼ਰਧਾ ਤਾਂ ਹੀ ਅਰਪਣ ਹੋਵੇਗੀ ਜੇਕਰ ਅਸੀਂ ਪੁਰਾਤਨ ਗੁਰਸਿੱਖਾਂ ਵਰਗਾ ਤਿਆਗ, ਸਮਰਪਣ, ਕੁਰਬਾਨੀ ਅਤੇ ਦ੍ਰਿੜ੍ਹਤਾ ਹਾਸਲ ਕਰਨ ਵਾਸਤੇ ਬਾਣੀ-ਬਾਣੇ ਵਿਚ ਪ੍ਰਪੱਕ ਹੋ ਕੇ ਉੱਚੇ ਵਿਵੇਕੀ ਕਿਰਦਾਰ ਦੇ ਧਾਰਨੀ ਬਣਾਂਗੇ।
ਆਓ! ਨਸ਼ਿਆਂ ਦਾ ਤਿਆਗ ਕਰਕੇ, ਪੰਜ ਕਕਾਰੀ ਰਹਿਤ ਵਿਚ ਅੰਮ੍ਰਿਤਧਾਰੀ ਹੋ ਕੇ ਆਪਣੇ ਗੁਰੂ-ਸਿਧਾਂਤਾਂ ਉੱਤੇ ਡੱਟ ਕੇ ਪਹਿਰਾ ਦੇਈਏ ਅਤੇ ਹਕੂਮਤਾਂ ਵਲੋੰ ਸਿੱਖ ਕੌਮ ਦੀਆਂ ਅਗਲੀਆਂ ਨਸਲਾਂ ਨੂੰ ਪਤਿਤਪੁਣੇ ਅਤੇ ਨਸ਼ਿਆਂ ਵਿਚ ਗਲਤਾਨ ਕਰਨ ਦੀਆਂ ਸਾਜ਼ਿਸ਼ਾਂ ਦਾ ਮੂੰਹ ਮੋੜੀਏ।