ਨਿਊਜ਼ ਨਿਊਜ਼ (ਰਿੰਪੀ ਸ਼ਰਮਾ) : ਜਲੰਧਰ ਦੇ ਗਦਾਈਪੁਰ 'ਚ ਇਕ 20 ਸਾਲਾ ਨੌਜਵਾਨ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਅਤੇ ਉਹ ਆਪਣੇ ਛੋਟੇ ਭਰਾ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਅਤੇ ਲੇਬਰ ਦਾ ਕੰਮ ਕਰਦਾ ਸੀ। ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਪਛਾਣ ਓਮ ਪ੍ਰਕਾਸ਼ ਕੇਸਰੀ ਪੁੱਤਰ ਪ੍ਰਭੂ ਸ਼ਾਹ ਕੇਸਰੀ ਮੂਲ ਨਿਵਾਸੀ ਬਿਹਾਰ ਵਜੋਂ ਹੋਈ ਹੈ।
ਚੌਂਕੀ ਫੋਕਲ ਪੁਆਇੰਟ ਦੇ ਇੰਚਾਰਜ ਮਦਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗਦਾਈਪੁਰ ਵਿਚ ਇਕ ਨੌਜਵਾਨ ਨੇ ਆਪਣੇ ਕਮਰੇ ਵਿਚ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹਾ ਲਾ ਲਿਆ ਹੈ। ਪੁਲਿਸ ਜਦੋਂ ਮੌਕੇ ’ਤੇ ਪੁੱਜੀ ਤਾਂ ਪਤਾ ਲੱਗਾ ਕਿ ਓਮ ਪ੍ਰਕਾਸ਼ ਆਪਣੇ 14 ਸਾਲਾ ਛੋਟੇ ਭਰਾ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ।
ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਓਮ ਪ੍ਰਕਾਸ਼ ਨੇ ਆਪਣੇ ਭਰਾ ਨੂੰ ਬਾਜ਼ਾਰੋਂ ਕੁਝ ਲਿਆਉਣ ਲਈ ਭੇਜ ਦਿੱਤਾ। ਹਾਲਾਂਕਿ ਲੋਕਾਂ ਦੀ ਮੰਨੀਏ ਤਾਂ ਓਮ ਪ੍ਰਕਾਸ਼ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ, ਜਿਸ ਕਾਰਨ ਹੀ ਉਸ ਨੇ ਅਜਿਹਾ ਕਦਮ ਚੁੱਕਿਆ ਹੈ। ਪੁਲਿਸ ਵਲੋਂ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਹੈ।