ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਆਦਮੀ ਪਾਰਟੀ ਨੂੰ ਸੱਤਾ ਤੱਕ ਪਹੁੰਚਾਉਣ ਵਾਲੇ ਨੌਜਵਾਨ ਨੇਤਾ ਰਾਘਵ ਚੱਢਾ ਨੂੰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੰਜਾਬ ਤੋਂ ਰਾਜ ਸਭਾ ’ਚ ਭੇਜ ਸਕਦੀ ਹੈ। ਦੱਸ ਦੇਈਏ ਕਿ ਜਿੱਥੇ ਇਕ ਪਾਸੇ ਕ੍ਰਿਕਟਰ ਹਰਭਜਨ ਸਿੰਘ ਨੂੰ ਰਾਜ ਸਭਾ ’ਚ ਭੇਜਣ ਦੀ ਚਰਚਾ ਚੱਲੀ ਸੀ ਤਾਂ ਹੁਣ ਆਮ ਆਦਮੀ ਪਾਰਟੀ ਦੇ ਅੰਦਰ ਰਾਘਵ ਚੱਢਾ ਦਾ ਨਾਂ ਉੱਭਰ ਕੇ ਸਾਹਮਣੇ ਆ ਰਿਹਾ ਹੈ।
ਰਾਘਵ ਚੱਢਾ ਭਗਵੰਤ ਮਾਨ ਦੇ ਵੀ ਨਜ਼ਦੀਕੀ ਮੰਨੇ ਜਾਂਦੇ ਹਨ। ਰਾਘਵ ਚੱਢਾ ਦੇ ਨਾਲ-ਨਾਲ ਸੰਦੀਪ ਪਾਠਕ ਦਾ ਨਾਂ ਵੀ ਪੰਜਾਬ ਤੋਂ ਰਾਜ ਸਭਾ ਲਈ ਜਾਣ ਵਾਲੇ ਲੋਕਾਂ ’ਚ ਲਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਘਵ ਚੱਢਾ ਪੜ੍ਹੇ-ਲਿਖੇ ‘ਆਪ’ ਨੇਤਾਵਾਂ ’ਚ ਸ਼ਾਮਲ ਹਨ।
ਰਾਜ ਸਭਾ ’ਚ ਜੇਕਰ ਰਾਘਵ ਚੱਢਾ ਨੂੰ ਪਾਰਟੀ ਭੇਜਦੀ ਹੈ ਤਾਂ ਉਹ ਰਾਜ ਸਭਾ ਦੇ ਅੰਦਰ ਪਾਰਟੀ ਲਈ ਇਕ ਚੰਗੀ ਪ੍ਰਾਪਤੀ ਸਿੱਧ ਹੋ ਸਕਦੇ ਹਨ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਬਾਅਦ ਤੋਂ ਰਾਘਵ ਚੱਢਾ ਦਾ ਕੱਦ ਕਾਫ਼ੀ ਵਧ ਚੁੱਕਾ ਹੈ ਅਤੇ ਸੂਬੇ ਦੇ ਉੱਘੇ ਅਧਿਕਾਰੀ ਵੀ ਉਨ੍ਹਾਂ ਨਾਲ ਸੰਪਰਕ ਬਣਾਏ ਹੋਏ ਹਨ।