ਉਨਟਾਰੀਓ (ਦੇਵ ਇੰਦਰਜੀਤ) : ਮੈਰੀ ਸਾਇਮਨ ਨੂੰ ਕੈਨੇਡਾ ਦੀ 30ਵੀਂ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ।ਇਹ ਪ੍ਰੋਗਰਾਮ ਬੜੇ ਹੀ ਇਤਿਹਾਸਕ ਤੇ ਸੱਭਿਆਚਾਰਕ ਮਾਹੌਲ ਵਿੱਚ ਹੋਇਆ। ਇਸ ਰੰਗਾਰੰਗ ਪ੍ਰੋਗਰਾਮ ਦੌਰਾਨ ਸਾਇਮਨ ਨੇ ਆਪਣੇ ਅਹੁਦੇ ਦੀ ਸੰਹੁ ਚੁੱਕੀ।
ਅਹਿਮ ਇਨੁਕ ਆਗੂ ਤੇ ਸਾਬਕਾ ਅੰਬੈਸਡਰ ਸਾਇਮਨ ਕੈਨੇਡਾ ਵਿੱਚ ਮਹਾਰਾਣੀ ਐਲਿਜ਼ਾਬੈੱਥ ਦੀ ਨੁਮਾਇੰਦਾ ਬਣਨ ਵਾਲੀ ਪਹਿਲੀ ਮੂਲਵਾਸੀ ਮਹਿਲਾ ਹੈ।ਉਨ੍ਹਾਂ ਨੇ ਇਨੁਇਟ ਸੱਭਿਆਚਾਰ ਨੂੰ ਅੱਗੇ ਵਧਾਉਣ ਲਈ ਕਈ ਅਹਿਮ ਭੂਮਿਕਾਵਾਂ ਨਿਭਾਈਆਂ, ਇਸ ਦੇ ਨਾਲ ਹੀ ਉਨ੍ਹਾਂ ਸੋਸ਼ਲ, ਐਨਵਾਇਰਮੈਂਟਲ ਤੇ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਵਾਲੀ ਆਗੂ ਤੇ ਵਾਰਤਾਕਾਰ ਦੀਆਂ ਭੂਮਿਕਾਵਾਂ ਵੀ ਨਿਭਾਈਆਂ।
ਆਪਣੀ ਭੂਮਿਕਾ ਵਿੱਚ ਪਹਿਲੀ ਟਿੱਪਣੀ ਕਰਦਿਆਂ ਸਾਇਮਨ ਨੇ ਤਹੱਈਆ ਪ੍ਰਗਟਾਇਆ ਕਿ ਜਦੋਂ ਸੁਲ੍ਹਾ, ਕਲਾਈਮੇਟ ਚੇਂਜ ਵਰਗੇ ਸੰਕਟ ਤੇ ਦੇਸ਼ ਵਿੱਚ ਪਹਿਲਾਂ ਹੀ ਮਹਿਸੂਸ ਕੀਤੇ ਜਾ ਰਹੇ ਇਸ ਦੇ ਅਸਰ ਦੇ ਨਾਲ ਨਾਲ ਸਮਾਨਤਾ ਤੇ ਮਾਨਸਿਕ ਸਿਹਤ ਦਾ ਮਾਮਲਾ ਆਵੇਗਾ ਤਾਂ ਉਹ ਚਿੰਤਕਾਂ ਦੇ ਨਾਲ ਉਨ੍ਹਾਂ ਫੈਸਲਿਆਂ ਵਿੱਚ ਅਹਿਮ ਭੂਮਿਕਾ ਨਿਭਾਵੇਗੀ।
ਸਾਇਮਨ ਨੇ ਆਖਿਆ ਕਿ ਅਸੀਂ ਇੱਕ ਦੇਸ਼ ਵਜੋਂ ਇਹ ਸਿੱਖਿਆ ਹੈ ਕਿ ਸਾਨੂੰ ਕੈਨੇਡਾ ਦੇ ਅਸਲ ਇਤਿਹਾਸ ਨੂੰ ਜਾਨਣ ਦੀ ਲੋੜ ਹੈ।ਸੱਚ ਨੂੰ ਗਲੇ ਲਾਉਣ ਨਾਲ ਅਸੀਂ ਇੱਕ ਦੇਸ਼ ਵਜੋਂ ਹੋਰ ਮਜ਼ਬੂਤ ਹੋਕੇ ਉਭਰਾਂਗੇ, ਸਾਂਝੇ ਕੈਨੇਡੀਅਨ ਸਮਾਜ ਵਜੋਂ ਅੱਗੇ ਵਧਾਂਗੇ ਤੇ ਆਪਣੇ ਬੱਚਿਆਂ ਨੂੰ ਇਹ ਸਿਖਾਂਵਾਂਗੇ ਕਿ ਸਾਨੂੰ ਹਮੇਸ਼ਾਂ ਬਿਹਤਰ ਕਰਨਾ ਚਾਹੀਦਾ ਹੈ ਖਾਸ ਤੌਰ ਉੱਤੇ ਉਦੋਂ ਜਦੋਂ ਹਾਲਾਤ ਮੁਸ਼ਕਲ ਹੋਣ।ਇਹ ਸਮਾਰੋਹ ਸੈਨੇਟ ਆਫ ਕੈਨੇਡਾ ਦੀ ਇਮਾਰਤ ਵਿੱਚ ਹੋਇਆ। ਕੋਵਿਡ-19 ਪਾਬੰਦੀਆਂ ਕਾਰਨ ਇਸ ਵਿੱਚ 50 ਹਸਤੀਆਂ ਤੇ ਮਹਿਮਾਨਾਂ ਨੇ ਹੀ ਹਿੱਸਾ ਲਿਆ।