ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਅੰਬਾਲਾ ਸਿਟੀ ਦੀ ਰਹਿਣ ਵਾਲੀ ਇੱਕ ਵਿਆਹੁਤਾ ਦੀ ਸਹੁਰੇ ਘਰ ਸ਼ੱਕੀ ਹਾਲਤ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਮਨਦੀਪ ਕੌਰ ਦੇ ਰੂਪ 'ਚ ਹੋਈ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਦੋਸ਼ ਲਗਾਏ ਹਨ ਕਿ ਸਹੁਰੇ ਵਾਲਿਆਂ ਨੇ ਉਨ੍ਹਾਂ ਦੀ ਧੀ ਦਾ ਕਤਲ ਕੀਤਾ ਹੈ। ਮ੍ਰਿਤਕਾ ਰਮਨਦੀਪ ਦਾ 1 ਸਾਲ ਦਾ ਪੁੱਤ ਵੀ ਹੈ ,ਜਿਸ ਦਾ ਪਿਛਲੇ ਮਹੀਨੇ ਹੀ ਜਨਮਦਿਨ ਮਨਾਇਆ ਸੀ। ਜਾਣਕਾਰੀ ਅਨੁਸਾਰ ਮ੍ਰਿਤਕਾ ਰਮਨਦੀਪ ਕੌਰ ਦਾ ਵਿਆਹ ਕਰਮਜੀਤ ਸਿੰਘ ਨਾਲ 2020'ਚ ਹੋਇਆ ਸੀ ।
ਮ੍ਰਿਤਕਾ ਦੇ ਮਾਮੇ ਅਵਤਾਰ ਸਿੰਘ ਨੇ ਕਿਹਾ ਕਿ ਰਮਨਦੀਪ ਨੂੰ ਉਸ ਦੀ ਮਾਂ ਨੇ ਫੋਨ ਕੀਤਾ ਪਰ ਫੋਨ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਸੱਸ ਨੂੰ ਫੋਨ ਕੀਤਾ । ਸੱਸ ਨੇ ਰਮਨਦੀਪ ਨਾਲ ਗੱਲ ਨਹੀ ਕਾਰਵਾਈ ਤੇ ਕਿਹਾ ਕਿ ਉਹ ਬੱਚੇ ਨੂੰ ਸੁਆ ਰਹੀ ਹੈ। ਮ੍ਰਿਤਕਾ ਦੇ ਮਾਮੇ ਨੇ ਦੱਸਿਆ ਕਿ ਸ਼ਾਮ ਦੇ ਕਰੀਬ 7 ਵਜੇ ਉਨ੍ਹਾਂ ਨੂੰ ਰੋਜ ਆਇਆ ਕਿ ਉਨ੍ਹਾਂ ਦੀ ਧੀ ਦੀ ਹਾਲਤ ਖ਼ਰਾਬ ਹੈ ਤੇ ਉਹ ਉਸ ਨੂੰ ਹਸਪਤਾਲ ਲਿਜਾ ਰਹੇ ਹਨ। ਫਿਰ ਕੁਝ ਸਮੇ ਬਾਅਦ ਫੋਨ ਆਇਆ ਕਿ ਧੀ ਦੀ ਹਾਲਤ ਜ਼ਿਆਦਾ ਖ਼ਰਾਬ ਹੈ । ਉਸ ਤੋਂ ਬਾਅਦ ਉਨ੍ਹਾਂ ਨੂੰ ਕਰਮਜੀਤ ਦੇ ਗੁਆਂਢੀ ਦਾ ਫੋਨ ਆਇਆ ਕਿ ਉਨ੍ਹਾਂ ਦੀ ਧੀ ਦੀ ਮੌਤ ਹੋ ਚੁੱਕੀ ਹੈ।ਜਿਸ ਤੋਂ ਬਾਅਦ ਪਰਿਵਾਰ ਲੁਧਿਆਣਾ ਪਹੁੰਚਿਆ ਤਾਂ ਦੇਖਿਆ ਕਿ ਰਮਨਦੀਪ ਦੀ ਲਾਸ਼ ਕਮਰੇ 'ਚ ਪਈ ਹੋਈ ਸੀ। ਪੇਕੇ ਪਰਿਵਾਰ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੀ ਧੀ ਨੂੰ ਦਾਜ਼ ਲਈ ਪ੍ਰੇਸ਼ਾਨ ਕੀਤਾ ਜਾਂਦਾ ਸੀ ।