ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਚਿੱਠੀ ਲਿਖ ਕੇ ਉਨ੍ਹਾਂ ਤੋਂ ਰਾਸ਼ਟਰੀ ਰਾਜਧਾਨੀ 'ਚ ਭਾਜਪਾ ਸ਼ਾਸਿਤ ਤਿੰਨ ਨਗਰ ਨਿਗਮਾਂ ਵਲੋਂ ਚਲਾਈ ਜਾ ਰਹੀ ਕਬਜ਼ਾ ਰੋਕੂ ਮੁਹਿੰਮ ਕਾਰਨ ਸ਼ਹਿਰ 'ਚ ਹੋ ਰਹੀ ਭੰਨ-ਤੋੜ ਰੋਕਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ,''ਆਮ ਆਦਮੀ ਪਾਰਟੀ ਇਸ ਭੰਨ-ਤੋੜ ਮੁਹਿੰਮ ਦਾ ਵਿਰੋਧ ਕਰਦੀ ਹੈ 'ਤੇ ਮੈਂ ਇਸ ਸੰਬੰਧ 'ਚ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਮਾਮਲੇ 'ਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ।'' ਦਿੱਲੀ ਦੇ ਉੱਪ ਮੁੱਖ ਮੰਤਰੀ ਨੇ ਕਿਹਾ,''ਮੈਂ ਉਨ੍ਹਾਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਇਸ ਨੂੰ ਰੋਕਿਆ ਜਾਣਾ ਚਾਹੀਦਾ।
ਜੇਕਰ ਬੁਲਡੋਜ਼ ਚਲਾਉਂਦੇ ਹਨ ਤਾਂ ਉਹ ਭਾਜਪਾ ਨੇਤਾਵਾਂ 'ਤੇ ਨਗਰ ਨਿਗਮ ਪ੍ਰਤੀਨਿਧੀਆਂ ਦੇ ਘਰ ਚਲਾਉਣ, ਜਿਨ੍ਹਾਂ ਨੇ ਅਜਿਹੇ ਬੁਨਿਆਦੀ ਢਾਂਚਿਆਂ ਦੇ ਨਿਰਮਾਣ ਦੀ ਮਨਜ਼ੂਰੀ ਦੇਣ ਲਈ ਰਿਸ਼ਵਤ ਲਈ ਸੀ।'' ਦਿੱਲੀ ਦੇ ਮਦਨਪੁਰ ਖਾਦਰ 'ਚ ਇਕ ਕਬਜ਼ਾ ਹਟਾਓ ਮੁਹਿੰਮ ਦੌਰਾਨ ਵਿਰੋਧ ਪ੍ਰਦਰਸ਼ਨ 'ਤੇ ਪਥਰਾਅ ਹੋਇਆ ਸੀ, ਜਿੱਥੇ ਸਥਾਨਕ ਲੋਕਾਂ ਨੇ ਕਾਨੂੰਨੀ ਮਾਨਤਾ ਪ੍ਰਾਪਤ ਢਾਂਚਿਆਂ ਨੂੰ ਵੀ ਬੁਲਡੋਜ਼ਰ ਨਾਲ ਸੁੱਟਣ ਦਾ ਦਾਅਵਾ ਕੀਤਾ।