ਬਰੈਂਪਟਨ (ਦੇਵ ਇੰਦਰਜੀਤ )- ਸ਼ਰਾਬ ਪੀ ਕੇ ਗੱਡੀ ਚਲਾਉਣ ਦੌਰਾਨ 19 ਸਾਲ ਦੇ ਜਗਰਾਜਨ ਬਰਾੜ ਦੀ ਮੌਤ ਦਾ ਕਾਰਨ ਬਣਨ ਵਾਲੇ ਪੀਟਰ ਸਿਮਜ਼ ਨੂੰ 9 ਸਾਲ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੈਨੇਡਾ ਦੇ ਮਿਸੀਸਾਗਾ ਸ਼ਹਿਰ ਨਾਲ ਸਬੰਧਤ ਜਗਰਾਜਨ ਬਰਾੜ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ ਜਦੋਂ ਪਿਟਰ ਸਿਮਜ਼ ਨੇ ਗਲਤ ਲੇਨ ‘ਚ ਗੱਡੀ ਦਾਖਲ ਕਰਦਿਆਂ ਜਗਰਾਜਨ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੀਟਰ ਸਿਮਜ਼ ਨੂੰ ਜਗਰਾਜਨ ਦੀ ਮੌਤ ਦਾ ਕਾਰਨ ਬਣਨ ਦੇ ਦੋਸ਼ ਹੇਠ ਸੁਣਾਈ ਸਾਢੇ ਨੌਂ ਸਾਲ ਦੀ ਕੈਦ ਤੋਂ ਇਲਾਵਾ ਜਗਰਾਜਨ ਬਰਾੜ ਦੇ ਨਾਲ ਬੈਠੇ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ਹੇਠ 4 ਸਾਲ ਦੀ ਕੈਦ ਦੀ ਸਜ਼ਾ ਵੀ ਸੁਣਾਈ ਗਈ ਹੈ। ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਜੇਲ੍ਹ ‘ਚ ਹੁਣ ਤੱਕ ਬਿਤਾਏ ਸਮੇਂ ਕਾਰਨ ਪੀਟਰ ਸਿਮਜ਼ ਨੂੰ 8 ਸਾਲ ਅਤੇ 4 ਮਹੀਨੇ ਜੇਲ੍ਹ ‘ਚ ਰਹਿਣਾ ਪਵੇਗਾ ਪਰ ਉਸ ਦੇ ਗੱਡੀ ਚਲਾਉਣ ’ਤੇ 30 ਸਾਲ ਦੀ ਪਾਬੰਦੀ ਲਾਗੂ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਪੀਟਰ ਸਿਮਜ਼ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਅਪਰਾਧ ਕਬੂਲ ਕਰ ਲਿਆ ਸੀ ਅਤੇ ਇਸ ਤੋਂ ਬਾਅਦ ਜਗਰਾਜਨ ਬਰਾੜ ਦੇ ਪਰਿਵਾਰ ਤੋਂ ਮੁਆਫ਼ੀ ਵੀ ਮੰਗੀ। ਬਰੈਂਪਟਨ ਦੀ ਅਦਾਲਤ ‘ਚ ਸਜ਼ਾ ਦੀ ਮਿਆਦ ਤੈਅ ਕਰਨ ਬਾਰੇ ਹੋ ਰਹੀ ਸੁਣਵਾਈ ਦੌਰਾਨ ਪੀਟਰ ਸਿਮਜ਼ ਨੇ ਕਿਹਾ, “ਮੈਂ ਉਸ ਦੀ ਜ਼ਿੰਦਗੀ ਖੋਹ ਲਈ ਕਿਉਂਕਿ ਮੈਂ ਸ਼ਰਾਬ ਪੀ ਕੇ ਗੱਡੀ ਚਲਾਈ।”