ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਵਾਂਸ਼ਹਿਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜ਼ਮੀਨ ਦੀ ਵੰਡ ਨੂੰ ਲੈ ਕੇ ਹੋਈ ਲੜਾਈ ਦੌਰਾਨ 1 ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਖਵੀਰ ਸਿੰਘ ਨੇ ਬਿਆਨਾਂ 'ਚ ਦੱਸਿਆ ਕਿ ਉਸ ਦੀ ਆਪਣੇ ਚਾਚੇ ਜਰਨੈਲ ਸਿੰਘ ਨਾਲ ਲੜਾਈ ਚੱਲ ਰਹੀ ਸੀ। ਜਿਸ ਵਿੱਚ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਸੁਲਾਹ ਕਰਵਾ ਕੇ ਜ਼ਮੀਨ ਦੀ ਵੰਡ ਕਰਕੇ ਨਿਸ਼ਾਨੀ ਲਗਾ ਦਿੱਤੀ।
ਬੀਤੀ ਦਿਨੀਂ ਉਹ ਆਪਣੇ ਭਰਾ ਪਰਗਣ ਸਿੰਘ ਨਾਲ ਟ੍ਰੈਕਟਰ 'ਤੇ ਖੇਤਾਂ ਵੱਲ ਗਏ ਤਾਂ ਚਾਚੇ ਜਰਨੈਲ ਸਿੰਘ 'ਤੇ ਖੜ੍ਹਾ ਸੀ ਤੇ ਉਸ ਦਾ ਪੋਤਾ ਕਰਨਦੀਪ ਸਿੰਘ ਵੀ ਟ੍ਰੈਕਟਰ ਸਟਾਰਟ ਕਰਕੇ ਖੜ੍ਹਾ ਸੀ। ਇਸ ਦੌਰਾਨ ਚਾਚੇ ਜਰਨੈਲ ਸਿੰਘ ਨੇ ਕਿਹਾ ਕਿ ਰਿਸ਼ਤੇਦਾਰਾਂ ਵਲੋਂ ਵੰਡ ਦਾ ਫੈਸਲਾ ਮੈਨੂੰ ਮਨਜ਼ੂਰ ਨਹੀ ਹੈ, ਜਦੋ ਪਰਗਣ ਸਿੰਘ ਟ੍ਰੈਕਟਰ ਤੋਂ ਉਤਰ ਕੇ ਚਾਚੇ ਨਾਲ ਗੱਲ ਕਰਨ ਗਿਆ ਤਾਂ ਕਰਨਦੀਪ ਨੇ ਉਸ ਤੇ ਟ੍ਰੈਕਟਰ ਚੜ੍ਹਾ ਦਿੱਤਾ। ਜਿਸ ਕਾਰਨ ਪਰਗਣ ਸਿੰਘ ਗੰਭੀਰ ਜਖ਼ਮੀ ਹੋ ਗਿਆ ।ਰੌਲਾ ਸੁਣ ਕੇ ਲੋਕਾਂ ਨੇ ਇਕੱਠੇ ਹੋ ਕੇ ਪਰਗਣ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ, ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।