ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹਿਊਮਨ ਰਾਈਟਸ ਐਸੋਸੀਏਸ਼ਨ ਦਾ ਪ੍ਰਧਾਨ ਦੱਸਣ ਵਾਲੇ ਵਿਅਕਤੀ ਤੇ ਉਸ ਦੇ ਭਰਾ ਖ਼ਿਲਾਫ਼ ਇੱਕ ਮਹਿਲਾ ਨਾਲ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਦੋਸ਼ੀ ਨੇ ਫੇਸਬੁੱਕ ਤੇ ਮਹਿਲਾ ਨਾਲ ਜਾਣ -ਪਛਾਣ ਕੀਤੀ ਤੇ ਫਿਰ ਉਸ ਦੀ ਮਜ਼ਬੂਰੀ ਦਾ ਫਾਇਦਾ ਚੁੱਕਦੇ ਹੋਏ ਪਹਿਲਾਂ ਉਸ ਨੂੰ ਸੁਵਿਧਾ ਸੈਂਟਰ ਵਿਖੇ ਨੌਕਰੀ ਦਿਵਾਉਣ ਲਈ 2250 ਰੁਪਏ ਟਰਾਂਸਫਰ ਕੀਤੇ ਤੇ ਫਿਰ ਬਾਅਦ ਵਿੱਚ ਉਸ ਨੂੰ ਕੈਨੇਡਾ ਭੇਜਣ ਦੇ ਨਾਲ ਤੇ 1.22 ਲੱਖ ਰੁਪਏ ਦੀ ਠੱਗੀ ਕੀਤੀ ਗਈ। ਫਿਲਹਾਲ ਪੁਲਿਸ ਨੇ ਮਹਿਲਾ ਦੇ ਬਿਆਨਾਂ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਸ਼ਿਕਾਇਤ ਵਿੱਚ ਕਮਲਜੀਤ ਕੌਰ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਪ੍ਰਭਜੀਤ ਸਿੰਘ ਨਾਮ ਦਾ ਵਿਅਕਤੀ ਉਸ ਦਾ ਫੇਸਬੁੱਕ ਦੋਸਤ ਬਣ ਗਿਆ ਸੀ, ਜਦੋ ਪ੍ਰਭਜੀਤ ਉਸ ਨੂੰ ਮੈਸੇਜ ਕਰਕੇ ਉਸ ਬਾਰੇ ਪੁੱਛਿਆ ਤਾ ਕਮਲਜੀਤ ਨੇ ਕਿਹਾ ਉਹ ਨੌਕਰੀ ਕਰਨਾ ਚਾਹੁੰਦੀ ਹੈ। ਜਿਸ ਤੋਂ ਬਾਅਦ ਪ੍ਰਭਜੀਤ ਨੇ ਨੌਕਰੀ ਦਾ ਝਾਂਸਾ ਦਿੱਤਾ ,ਪਹਿਲਾਂ ਪ੍ਰਭਜੀਤ ਨੇ ਕਿਹਾ ਕਿ ਉਹ ਉਸ ਨੂੰ ਸੁਵਿਧਾ ਸੈਂਟਰ 'ਚ ਨੌਕਰੀ ਦਿਵਾ ਦੇਵੇਗਾ। ਪ੍ਰਭਜੀਤ ਨੇ ਸੁਵਿਧਾ ਸੈਂਟਰ ਦੇ ਪ੍ਰਾਸਪੈਕਟਸ ਲਈ ਆਪਣੇ ਗੂਗਲ ਪੇਅ 'ਚ 2250 ਰੁਪਏ ਟਰਾਂਸਫਰ ਕਰਨ ਲਈ ਕਿਹਾ। ਪ੍ਰਭਜੀਤ ਨੇ ਕਾਫੀ ਸਮੇਤ ਤੱਕ ਉਸ ਨਾਲ ਗੱਲਬਾਤ ਕੀਤੀ, ਜਦੋ ਉਸ ਨੇ ਨਤੀਜੇ ਬਾਰੇ ਪੁੱਛਿਆ ਤਾਂ ਪ੍ਰਭਜੀਤ ਨੇ ਕਮਲਜੀਤ ਕੌਰ ਦਾ ਨੰਬਰ ਲੈ ਲਿਆ ਤੇ ਫਿਰ ਗੱਲਾਂ ਕਰਨ ਲੱਗਾ।
ਕਮਲਜੀਤ ਨੇ ਕਿਹਾ ਕਿ ਉਸ ਨੇ ਪ੍ਰਭਜੀਤ ਸਿੰਘ ਗੱਲਬਾਤ ਦੌਰਾਨ ਦੱਸਿਆ ਕਿ ਉਸ ਦਾ ਕੈਨੇਡਾ ਦਾ ਵੀਜ਼ਾ ਰੱਦ ਹੋ ਗਿਆ ਸੀ ਪਰ ਹੁਣ ਉਹ ਵਰਕ ਪਰਮਿਟ ਲਈ ਦੋਬਾਰਾ ਕੋਸ਼ਿਸ਼ ਕਰ ਰਹੀ ਹੈ। ਜਿਸ ਤੋਂ ਬਾਅਦ ਪ੍ਰਭਜੀਤ ਸਿੰਘ ਨੇ ਕਿਹਾ ਕਿ ਉਹ ਉਸ ਨੂੰ ਕੈਨੇਡਾ ਭੇਜ ਸਕਦਾ ਹੈ । ਕਮਲਜੀਤ ਕੌਰ ਨੇ ਪ੍ਰਭਜੀਤ ਨੂੰ ਕਿਹਾ ਕਿ ਉਸ ਕੋਲੋਂ ਜ਼ਿਆਦਾ ਪੈਸੇ ਨਹੀਂ ਹਨ ਪਰ ਪ੍ਰਭਜੀਤ ਨੇ ਉਸ ਨੂੰ ਭਰੋਸੇ 'ਚ ਲੈਣ ਕਿਹਾ ਕਿ ਉਸ ਦੇ ਚਾਚੇ ਕੋਲ ਬਹੁਤ ਪੈਸਾ ਹੈ , ਜੋ ਕਿ ਹਰ ਸਾਲ ਆਪਣੀਆਂ ਕੰਪਨੀਆਂ ਲਈ ਬੰਦੇ ਲੈ ਕੇ ਜਾਣਦੇ ਹੈ ।
ਜੇਕਰ ਉਹ ਚਾਹੁੰਦੀ ਹੈ ਤਾਂ ਉਹ ਉਸ ਉਸ ਦਾ ਨਾਮ ਵੀ ਭੇਜ ਦੇਵੇਗਾ। ਕਮਲਜੀਤ ਕੌਰ ਨੇ ਝਾਂਸੇ 'ਚ ਆ ਕੇ ਉਸ ਨੂੰ ਆਪਣਾ ਤੇ ਆਪਣੀ ਧੀ ਦਾ ਨਾਮ ਲਿਖਣ ਲਈ ਕਿਹਾ। ਪ੍ਰਭਜੀਤ ਨੇ ਉਸ ਨੂੰ ਕੈਨੇਡਾ ਭੇਜਣ ਲਈ 50-50 ਹਜ਼ਾਰ ਰੁਪਏ ਟਰਾਂਸਫਰ ਕਰਵਾ ਲਏ ਤੇ ਫਿਰ ਕਮਲਜੀਤ ਦੇ ਮੈਡੀਕਲ ਲਈ 10 ਹਜ਼ਾਰ ਤੇ ਉਸ ਦੀ ਧੀ ਦੇ ਮੈਡੀਕਲ ਲਈ 12500 ਰੁਪਏ ਉਸ ਦੇ ਭਰਾ ਬਲਜਿੰਦਰ ਸਿੰਘ ਦੇ ਖਾਤੇ 'ਚ ਟਰਾਂਸਫਰ ਕਰਵਾ ਲਏ। ਪੈਸੇ ਲੈਣ ਤੋਂ ਬਾਅਦ ਪ੍ਰਭਜੀਤ ਸਿੰਘ ਨੇ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।